ਚੰਡੀਗੜ੍ਹ :- ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ 2026 ਦੀ ਡਰਾਫਟ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ਹੁਣ ਵੋਟਰ ਘਰ ਬੈਠੇ ਹੀ ਇਹ ਜਾਂਚ ਕਰ ਸਕਦੇ ਹਨ ਕਿ ਨਵੀਂ ਡਰਾਫਟ ਸੂਚੀ ਵਿੱਚ ਉਨ੍ਹਾਂ ਦਾ ਨਾਮ ਦਰਜ ਹੈ ਜਾਂ ਨਹੀਂ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਐੱਸ.ਆਈ.ਆਰ. ਦੀ ਪ੍ਰਕਿਰਿਆ ਦੌਰਾਨ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚੋਂ ਹਟਾਇਆ ਗਿਆ ਹੈ ਜਾਂ ਨਹੀਂ।
ਸੀ.ਈ.ਓ. ਪੰਜਾਬ ਦੀ ਵੈੱਬਸਾਈਟ ‘ਤੇ ਮਿਲੇਗੀ ਜਾਣਕਾਰੀ
ਡਰਾਫਟ ਵੋਟਰ ਸੂਚੀ ਦੀ ਜਾਂਚ ਕਰਨ ਲਈ ਵੋਟਰ ਮੁੱਖ ਚੋਣ ਅਧਿਕਾਰੀ ਪੰਜਾਬ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ। ਵੈੱਬਸਾਈਟ ਦੇ ਮੁੱਖ ਪੰਨੇ ‘ਤੇ ਐੱਸ.ਆਈ.ਆਰ. ਨਾਲ ਸਬੰਧਤ ਮਹੱਤਵਪੂਰਨ ਲਿੰਕ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਵੋਟਰ ਆਪਣੇ ਨਾਮ ਅਤੇ ਵੋਟਰ ਸੂਚੀ ਨਾਲ ਸਬੰਧਤ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ।
ਨਾਮ ਹਟਿਆ ਹੈ ਜਾਂ ਨਹੀਂ, ਇੱਥੋਂ ਕਰੋ ਜਾਂਚ
ਵੈੱਬਸਾਈਟ ‘ਤੇ ਦਿੱਤੀ ਏ.ਐੱਸ.ਡੀ.ਡੀ. ਸੂਚੀ ਰਾਹੀਂ ਉਨ੍ਹਾਂ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦੇ ਨਾਮ ਐੱਸ.ਆਈ.ਆਰ. ਦੀ ਪ੍ਰਕਿਰਿਆ ਦੌਰਾਨ ਵੋਟਰ ਸੂਚੀ ਵਿੱਚੋਂ ਹਟਾਏ ਗਏ ਹਨ। ਇਸ ਲਈ ਵੋਟਰ ਪਹਿਲਾਂ ਆਪਣਾ ਨਾਮ ਡਰਾਫਟ ਵੋਟਰ ਸੂਚੀ ਵਿੱਚ ਚੈੱਕ ਕਰਨ ਅਤੇ ਜੇਕਰ ਨਾਮ ਮੌਜੂਦ ਨਾ ਹੋਵੇ ਤਾਂ ਸਬੰਧਤ ਸੂਚੀ ਵਿੱਚ ਵੀ ਜਾਂਚ ਕਰ ਸਕਦੇ ਹਨ।
ਵੋਟਰਾਂ ਲਈ ਜ਼ਰੂਰੀ ਹੈ ਨਾਮ ਦੀ ਜਾਂਚ
ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ਹਰ ਵੋਟਰ ਲਈ ਆਪਣਾ ਨਾਮ ਅਤੇ ਦਰਜ ਵੇਰਵਿਆਂ ਦੀ ਜਾਂਚ ਕਰਨਾ ਮਹੱਤਵਪੂਰਨ ਹੈ। ਜੇਕਰ ਕਿਸੇ ਵੋਟਰ ਦਾ ਨਾਮ ਡਰਾਫਟ ਸੂਚੀ ਵਿੱਚ ਨਹੀਂ ਹੈ ਜਾਂ ਵੇਰਵਿਆਂ ਵਿੱਚ ਕੋਈ ਗਲਤੀ ਮਿਲਦੀ ਹੈ ਤਾਂ ਉਹ ਨਿਰਧਾਰਤ ਚੋਣ ਪ੍ਰਕਿਰਿਆ ਤਹਿਤ ਅਗਲੀ ਕਾਰਵਾਈ ਕਰ ਸਕਦਾ ਹੈ।

