ਚੰਡੀਗੜ੍ਹ :- ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਕਰੀਬ ਪੰਜ ਮਹੀਨੇ ਪਹਿਲਾਂ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰਾਈ ਵਾਲੀ ਜਾਂਚ (ਐੱਸ.ਆਈ.ਆਰ.) ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਅੱਜ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾ ਰਹੀ ਹੈ। ਜੂਨ 2026 ਦੀ ਵੋਟਰ ਸੂਚੀ ਦੇ ਮੁਕਾਬਲੇ ਨਵੀਂ ਡਰਾਫਟ ਸੂਚੀ ਵਿੱਚ 20.66 ਲੱਖ ਨਾਮ ਘੱਟ ਹੋਣਗੇ।
9.5 ਲੱਖ ਵੋਟਰ ਪੰਜਾਬ ਤੋਂ ਪੱਕੇ ਤੌਰ ‘ਤੇ ਬਾਹਰ
ਜਾਂਚ ਦੌਰਾਨ ਸਾਹਮਣੇ ਆਏ ਵੇਰਵਿਆਂ ਮੁਤਾਬਕ ਲਗਭਗ 9.5 ਲੱਖ ਵੋਟਰ ਅਜਿਹੇ ਪਾਏ ਗਏ ਹਨ, ਜੋ ਸਥਾਈ ਤੌਰ ‘ਤੇ ਪੰਜਾਬ ਤੋਂ ਬਾਹਰ ਚਲੇ ਗਏ ਹਨ। ਇਸ ਤੋਂ ਇਲਾਵਾ ਕਰੀਬ 5.75 ਲੱਖ ਦਰਜ ਵੋਟਰਾਂ ਦੀ ਮੌਤ ਹੋ ਚੁੱਕੀ ਹੈ। ਤਕਰੀਬਨ 1.20 ਲੱਖ ਨਾਮ ਇੱਕ ਤੋਂ ਵੱਧ ਵਾਰ ਦਰਜ ਹੋਣ ਕਾਰਨ ਡੁਪਲੀਕੇਟ ਪਾਏ ਗਏ ਹਨ।
4.12 ਲੱਖ ਵੋਟਰਾਂ ਦਾ ਨਹੀਂ ਮਿਲਿਆ ਪਤਾ
ਐੱਸ.ਆਈ.ਆਰ. ਦੌਰਾਨ ਕਰੀਬ 4.12 ਲੱਖ ਵੋਟਰਾਂ ਸਬੰਧੀ ਪੰਜਾਬ ਵਿੱਚ ਕੋਈ ਪਤਾ ਨਹੀਂ ਲੱਗ ਸਕਿਆ। ਇਨ੍ਹਾਂ ਸਾਰੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਨਾਮਾਂ ਨੂੰ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਨਾਮ ਛੁੱਟਣ ‘ਤੇ ਦਾਅਵਾ ਜਾਂ ਇਤਰਾਜ਼ ਦਾ ਮੌਕਾ
ਜੇਕਰ ਕਿਸੇ ਯੋਗ ਵੋਟਰ ਦਾ ਨਾਮ ਕਿਸੇ ਕਾਰਨ ਗਲਤੀ ਨਾਲ ਡਰਾਫਟ ਸੂਚੀ ਵਿੱਚੋਂ ਬਾਹਰ ਰਹਿ ਜਾਂਦਾ ਹੈ ਤਾਂ ਉਹ ਨਾਮ ਮੁੜ ਸ਼ਾਮਲ ਕਰਵਾਉਣ ਲਈ ਨਿਰਧਾਰਤ ਪ੍ਰਕਿਰਿਆ ਤਹਿਤ ਦਾਅਵਾ ਜਾਂ ਇਤਰਾਜ਼ ਦਰਜ ਕਰਵਾ ਸਕਦਾ ਹੈ। ਡਰਾਫਟ ਸੂਚੀ ਜਾਰੀ ਹੋਣ ਤੋਂ ਬਾਅਦ ਵੋਟਰ ਆਪਣੇ ਖੇਤਰ ਦੇ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਜਾਂ ਬੂਥ ਪੱਧਰੀ ਅਧਿਕਾਰੀ ਕੋਲ ਸੰਪਰਕ ਕਰ ਸਕਦੇ ਹਨ।
ਮੈਪਿੰਗ ਨਾ ਹੋਣ ਵਾਲੇ ਵੋਟਰ ਵੀ ਵੇਰਵਿਆਂ ਦੀ ਕਰਨ ਜਾਂਚ
ਜਿਨ੍ਹਾਂ ਵੋਟਰਾਂ ਦੇ ਨਾਮ ਡਰਾਫਟ ਸੂਚੀ ਵਿੱਚ ਮੌਜੂਦ ਹਨ ਪਰ ਉਨ੍ਹਾਂ ਦਾ ਰਿਕਾਰਡ ਪਿਛਲੀ ਐੱਸ.ਆਈ.ਆਰ. ਦੌਰਾਨ ਤਿਆਰ ਕੀਤੀ ਵੋਟਰ ਸੂਚੀ ਨਾਲ ਨਹੀਂ ਜੁੜ ਸਕਿਆ, ਉਨ੍ਹਾਂ ਲਈ ਵੀ ਆਪਣੇ ਵੇਰਵਿਆਂ ਦੀ ਜਾਂਚ ਕਰਨਾ ਜ਼ਰੂਰੀ ਹੋਵੇਗਾ। ਅਜਿਹੇ ਵੋਟਰਾਂ ਨੂੰ ਨਿਰਧਾਰਤ ਪ੍ਰਕਿਰਿਆ ਅਨੁਸਾਰ ਲੋੜੀਂਦੇ ਦਸਤਾਵੇਜ਼ ਪੇਸ਼ ਕਰਦਿਆਂ ਦਾਅਵਾ ਜਾਂ ਇਤਰਾਜ਼ ਦਰਜ ਕਰਵਾਉਣਾ ਪਵੇਗਾ, ਤਾਂ ਜੋ ਅੰਤਿਮ ਵੋਟਰ ਸੂਚੀ ਵਿੱਚ ਉਨ੍ਹਾਂ ਦਾ ਨਾਮ ਅਤੇ ਵੇਰਵੇ ਸਹੀ ਰਹਿਣ।
ਚੋਣ ਕਮਿਸ਼ਨ ਦੀ ਵੋਟਰਾਂ ਨੂੰ ਅਪੀਲ
ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ਹਰੇਕ ਵੋਟਰ ਨੂੰ ਆਪਣਾ ਨਾਮ ਅਤੇ ਦਰਜ ਵੇਰਵਿਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ। ਨਾਮ ਨਾ ਮਿਲਣ ਜਾਂ ਕਿਸੇ ਵੀ ਤਰ੍ਹਾਂ ਦੀ ਗਲਤੀ ਸਾਹਮਣੇ ਆਉਣ ਦੀ ਸੂਰਤ ਵਿੱਚ ਵੋਟਰ ਸਮੇਂ ਸਿਰ ਸੰਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਜਾਂ ਬੂਥ ਪੱਧਰੀ ਅਧਿਕਾਰੀ ਕੋਲ ਦਾਅਵਾ ਜਾਂ ਇਤਰਾਜ਼ ਦਰਜ ਕਰਵਾ ਸਕਦੇ ਹਨ।

