ਬੱਸੀ ਪਠਾਣਾਂ ਤੋਂ ਸਤਵੰਤ ਸਿੰਘ ਹੋਣਗੇ ਪਾਰਟੀ ਦੇ ਉਮੀਦਵਾਰ
ਬੱਸੀ ਪਠਾਣਾਂ :- ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਅਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਨੇ ਸਤਵੰਤ ਸਿੰਘ ਨੂੰ ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ।
ਸਤਵੰਤ ਸਿੰਘ ਦੇ ਨਾਂ ਦਾ ਕੀਤਾ ਐਲਾਨ
ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਆਗੂਆਂ ਨੇ ਸਤਵੰਤ ਸਿੰਘ ਨੂੰ ਬੱਸੀ ਪਠਾਣਾਂ ਤੋਂ ਚੋਣ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਜਨਤਕ ਕੀਤਾ। ਇਸ ਮੌਕੇ ਸ਼ਹੀਦ ਕੇਹਰ ਸਿੰਘ ਦੇ ਵੱਡੇ ਪੁੱਤਰ ਰਜਿੰਦਰ ਸਿੰਘ, ਉਨ੍ਹਾਂ ਦੇ ਪੋਤਰੇ ਪੁਰੂ ਰਾਜ ਸਿੰਘ ਤੋਂ ਇਲਾਵਾ ਸੁਖਵਿੰਦਰ ਸਿੰਘ ਅਗਵਾਨ, ਪ੍ਰਗਟ ਸਿੰਘ ਅਤੇ ਭਾਈ ਅਮਰਜੀਤ ਸਿੰਘ ਵੰਨਚਿੜੀ ਵੀ ਮੌਜੂਦ ਰਹੇ।
ਪੰਥਕ ਸਿਧਾਂਤਾਂ ਤੇ ਪੰਜਾਬ ਦੇ ਹੱਕਾਂ ਦੀ ਗੱਲ
ਤਰਸੇਮ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਿਆਸਤ ਦਾ ਉਦੇਸ਼ ਕੇਵਲ ਸੱਤਾ ਹਾਸਲ ਕਰਨਾ ਨਹੀਂ ਹੈ। ਉਨ੍ਹਾਂ ਅਨੁਸਾਰ ਪਾਰਟੀ ਪੰਥਕ ਸਿਧਾਂਤਾਂ, ਪੰਜਾਬ ਦੇ ਹੱਕਾਂ ਅਤੇ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਪਰਿਵਾਰਾਂ ਦੇ ਮਾਣ-ਸਤਿਕਾਰ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ।
ਸ਼ਹੀਦ ਪਰਿਵਾਰਾਂ ਨੂੰ ਪਾਰਟੀ ’ਚ ਬਣਦਾ ਸਥਾਨ ਦੇਣ ਦਾ ਦਾਅਵਾ
ਤਰਸੇਮ ਸਿੰਘ ਨੇ ਕਿਹਾ ਕਿ ਸ਼ਹੀਦ ਪਰਿਵਾਰਾਂ ਦਾ ਸਤਿਕਾਰ ਸਿਰਫ਼ ਬਿਆਨਾਂ ਤੱਕ ਸੀਮਤ ਨਹੀਂ ਰੱਖਿਆ ਜਾ ਰਿਹਾ, ਸਗੋਂ ਪਾਰਟੀ ਦੀਆਂ ਜ਼ਿੰਮੇਵਾਰੀਆਂ ਵਿੱਚ ਵੀ ਉਨ੍ਹਾਂ ਨੂੰ ਬਣਦਾ ਸਥਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰਾਂ ਦੇ ਯੋਗਦਾਨ ਅਤੇ ਕੁਰਬਾਨੀਆਂ ਨੂੰ ਪਾਰਟੀ ਵੱਲੋਂ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ।

