ਮਹਾਕਾਲ ਦੇ ਦਰਸ਼ਨਾਂ ਮਗਰੋਂ ਗੁਜਰਾਤ ਪਰਤ ਰਹੇ ਸਨ ਨੌਜਵਾਨ, ਦੋ ਲਾਸ਼ਾਂ ਗੈਸ ਕਟਰ ਨਾਲ ਕੱਢੀਆਂ
ਮੱਧ ਪ੍ਰਦੇਸ਼ :- ਬਦਨਵਰ-ਉਜੈਨ ਚਾਰ-ਮਾਰਗੀ ’ਤੇ ਪਿੰਡ ਪੰਚਕਾਵਾਸਾ ਨੇੜੇ ਐਤਵਾਰ ਦੁਪਹਿਰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਵੈਨ ਸਵਾਰ ਛੇ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਦੁਪਹਿਰ ਕਰੀਬ 1 ਵਜੇ ਵਾਪਰਿਆ, ਜਦੋਂ ਗਲਤ ਦਿਸ਼ਾ ਤੋਂ ਆ ਰਹੇ ਇੱਕ ਬੇਕਾਬੂ ਟਰਾਲੇ ਨੇ ਸਾਹਮਣੇ ਤੋਂ ਆ ਰਹੀ ਵੈਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਨਾਲ ਵੈਨ ਬੁਰੀ ਤਰ੍ਹਾਂ ਨੁਕਸਾਨੀ
ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਬੁਰੀ ਤਰ੍ਹਾਂ ਤਬਾਹ ਹੋ ਗਈ ਅਤੇ ਇਸ ਵਿੱਚ ਸਵਾਰ ਨੌਜਵਾਨ ਅੰਦਰ ਹੀ ਫਸ ਗਏ। ਹਾਦਸੇ ਤੋਂ ਬਾਅਦ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ। ਵੈਨ ਵਿੱਚੋਂ ਲਾਸ਼ਾਂ ਕੱਢਣ ਲਈ ਕਟਰ ਦੀ ਮਦਦ ਲੈਣੀ ਪਈ। ਦੋ ਲਾਸ਼ਾਂ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ।
ਮਹਾਕਾਲ ਦੇ ਦਰਸ਼ਨਾਂ ਤੋਂ ਬਾਅਦ ਪਰਤ ਰਹੇ ਸਨ
ਮੁੱਢਲੀ ਜਾਣਕਾਰੀ ਅਨੁਸਾਰ ਵੈਨ ਸਵਾਰ ਨੌਜਵਾਨ ਉਜੈਨ ਸਥਿਤ ਮਹਾਕਾਲ ਮੰਦਰ ਦੇ ਦਰਸ਼ਨ ਕਰਨ ਮਗਰੋਂ ਗੁਜਰਾਤ ਵਾਪਸ ਜਾ ਰਹੇ ਸਨ। ਹਾਦਸੇ ਵਿੱਚ ਮਾਰੇ ਗਏ ਸਾਰੇ ਨੌਜਵਾਨ ਗੁਜਰਾਤ ਦੇ ਵਡੋਦਰਾ ਦੇ ਵਸਨੀਕ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਦਨਵਰ ਥਾਣਾ ਇੰਚਾਰਜ ਅਮਿਤ ਸਿੰਘ ਕੁਸ਼ਵਾਹਾ ਅਤੇ ਤਹਿਸੀਲਦਾਰ ਸੁਰੇਸ਼ ਨਗਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

