ਚੰਡੀਗੜ੍ਹ :- ਝੋਨੇ ਦੇ ਆਉਣ ਵਾਲੇ ਖਰੀਦ ਸੀਜ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਕੇਂਦਰ ਸਰਕਾਰ ਨੇ ਸੂਬੇ ਦੀਆਂ ਮੰਡੀਆਂ ਅਤੇ ਗੋਦਾਮਾਂ ਵਿੱਚ ਪਏ 18 ਲੱਖ ਮੀਟ੍ਰਿਕ ਟਨ ਪੁਰਾਣੇ ਅਨਾਜ ਨੂੰ 20 ਸਤੰਬਰ ਤੱਕ ਚੁੱਕਣ ਲਈ ਸਹਿਮਤੀ ਦਿੱਤੀ ਹੈ। ਇਸ ਨਾਲ ਝੋਨੇ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਸਟੋਰੇਜ ਲਈ ਲੋੜੀਂਦੀ ਥਾਂ ਉਪਲਬਧ ਹੋ ਸਕੇਗੀ।
ਮਾਨ ਨੇ ਕੇਂਦਰੀ ਮੰਤਰੀਆਂ ਨਾਲ ਚੁੱਕਿਆ ਪੰਜਾਬ ਦਾ ਮੁੱਦਾ
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਨਾਲ ਜੁੜੇ ਕਈ ਮੁੱਦੇ ਕੇਂਦਰ ਅੱਗੇ ਰੱਖੇ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ 2026-27 ਦੇ ਖਰੀਫ਼ ਸੀਜ਼ਨ ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਕਿਸਾਨਾਂ ਨੂੰ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਐੱਫ.ਸੀ.ਆਈ. ਨੂੰ 86 ਲੱਖ ਟਨ ਚੌਲ ਦਿੱਤਾ
ਮੁੱਖ ਮੰਤਰੀ ਅਨੁਸਾਰ ਪੰਜਾਬ ਦੀਆਂ ਖਰੀਦ ਏਜੰਸੀਆਂ ਹੁਣ ਤੱਕ ਭਾਰਤੀ ਖੁਰਾਕ ਨਿਗਮ ਨੂੰ 86 ਲੱਖ ਮੀਟ੍ਰਿਕ ਟਨ ਚੌਲ ਦੇ ਚੁੱਕੀਆਂ ਹਨ। ਪੁਰਾਣੇ 18 ਲੱਖ ਟਨ ਸਟਾਕ ਦੀ ਚੁਕਾਈ ਨਾਲ ਮੰਡੀਆਂ ਅਤੇ ਗੋਦਾਮਾਂ ਵਿੱਚ ਹੋਰ ਥਾਂ ਖਾਲੀ ਹੋਵੇਗੀ, ਜਿਸ ਨਾਲ ਪਹਿਲਾਂ ਤੋਂ ਪਏ ਚੌਲ ਨੂੰ ਕੇਂਦਰੀ ਪੂਲ ਵਿੱਚ ਭੇਜਣ ਵਿੱਚ ਵੀ ਸਹੂਲਤ ਮਿਲੇਗੀ।
180 ਲੱਖ ਟਨ ਝੋਨੇ ਦੀ ਖਰੀਦ ਦਾ ਅਨੁਮਾਨ
ਮਾਨ ਨੇ ਦੱਸਿਆ ਕਿ ਇਸ ਸਾਲ ਪੰਜਾਬ ਵਿੱਚ ਲਗਭਗ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਣ ਦੀ ਉਮੀਦ ਹੈ। ਸੂਬਾ ਕਰੀਬ 170 ਲੱਖ ਮੀਟ੍ਰਿਕ ਟਨ ਮਿਆਰੀ ਚੌਲ ਕੇਂਦਰੀ ਪੂਲ ਲਈ ਦੇਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਕੇਂਦਰ ਤੋਂ ਮੰਡੀਆਂ ਅਤੇ ਚੌਲ ਮਿੱਲਾਂ ਵਿੱਚ ਪਏ 27 ਲੱਖ ਮੀਟ੍ਰਿਕ ਟਨ ਕਣਕ ਦੇ ਸਟਾਕ ਨੂੰ ਵੀ ਹੋਰ ਸੂਬਿਆਂ ਵਿੱਚ ਜਲਦ ਭੇਜਣ ਦੀ ਮੰਗ ਕੀਤੀ, ਤਾਂ ਜੋ ਝੋਨੇ ਦੀ ਖਰੀਦ ਲਈ ਭੰਡਾਰਨ ਦੀ ਹੋਰ ਥਾਂ ਬਣ ਸਕੇ।

