ਫ਼ਿਰੋਜ਼ਪੁਰ :- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਸਵੇਰੇ ਫ਼ਿਰੋਜ਼ਪੁਰ ਪਹੁੰਚ ਕੇ ਹੜ੍ਹ ਕਾਰਨ ਬਣੀ ਗੰਭੀਰ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਰਾਹਤ ਅਤੇ ਬਚਾਅ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
ਰਾਜਪਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹੜ੍ਹ ਪੀੜਤ ਪਰਿਵਾਰਾਂ ਤੱਕ ਸਮੇਂ ਸਿਰ ਸਹਾਇਤਾ ਪਹੁੰਚਾਈ ਜਾਵੇ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਹੁਕਮ ਦਿੱਤਾ ਕਿ ਪ੍ਰਭਾਵਿਤ ਲੋਕਾਂ ਲਈ ਭੋਜਨ, ਪਾਣੀ, ਦਵਾਈਆਂ ਅਤੇ ਰਹਿਣ ਲਈ ਅਸਥਾਈ ਥਾਵਾਂ ਦੀ ਵਿਵਸਥਾ ਤੁਰੰਤ ਕੀਤੀ ਜਾਵੇ।
ਨੁਕਸਾਨ ਦੀ ਪ੍ਰਾਰੰਭਿਕ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼
ਉਨ੍ਹਾਂ ਕਿਹਾ ਕਿ, “ਇਹ ਸਮਾਂ ਸਿਆਸਤ ਦਾ ਨਹੀਂ, ਸੇਵਾ ਦਾ ਹੈ। ਸਰਕਾਰ ਹਰ ਹੜ੍ਹ ਪੀੜਤ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਮੁੜ ਵਸੇਬੇ ਲਈ ਪੂਰੀ ਮਦਦ ਕੀਤੀ ਜਾਵੇਗੀ।”
ਮੀਟਿੰਗ ਦੌਰਾਨ ਫ਼ਸਲਾਂ, ਘਰਾਂ ਅਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਦੀ ਪ੍ਰਾਰੰਭਿਕ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਰਾਜਪਾਲ ਨੇ ਇਹ ਵੀ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਰਾਜਪਾਲ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਯੋਜਨਾਬੱਧ ਤਰੀਕੇ ਨਾਲ ਕਦਮ ਚੁੱਕੇ ਜਾ ਰਹੇ ਹਨ।