ਚੰਡੀਗੜ੍ਹ :- ਸੂਬੇ ਵਿੱਚ ਵੱਧ ਰਹੇ ਸਾਈਬਰ ਅਪਰਾਧਾਂ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਖ਼ਾਸ ਤੌਰ ਤੇ ਫਿਸ਼ਿੰਗ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਲਈ ਜਾਗਰੂਕਤਾ ਸੰਦੇਸ਼ ਜਾਰੀ ਕਰਦਿਆਂ ਨਾਗਰਿਕਾਂ ਨੂੰ ਆਪਣੀ ਨਿੱਜੀ ਅਤੇ ਬੈਂਕਿੰਗ ਜਾਣਕਾਰੀ ਸੁਰੱਖਿਅਤ ਰੱਖਣ ਦੀ ਸਲਾਹ ਦਿੱਤੀ ਹੈ।
ਕੀ ਹੈ ਫਿਸ਼ਿੰਗ, ਕਿਵੇਂ ਬਣਾਉਂਦੇ ਹਨ ਲੋਕਾਂ ਨੂੰ ਨਿਸ਼ਾਨਾ?
ਪੁਲਿਸ ਅਨੁਸਾਰ ਫਿਸ਼ਿੰਗ ਸਾਈਬਰ ਧੋਖਾਧੜੀ ਦਾ ਇੱਕ ਆਮ ਤਰੀਕਾ ਹੈ, ਜਿਸ ਵਿੱਚ ਠੱਗ ਜਾਅਲੀ ਈ-ਮੇਲਾਂ, ਮੋਬਾਈਲ ਸੁਨੇਹਿਆਂ ਅਤੇ ਨਕਲੀ ਵੈੱਬਸਾਈਟਾਂ ਰਾਹੀਂ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਬਾਅਦ ਉਹ ਉਨ੍ਹਾਂ ਤੋਂ ਸੰਵੇਦਨਸ਼ੀਲ ਜਾਣਕਾਰੀ ਹਾਸਲ ਕਰਕੇ ਆਰਥਿਕ ਠੱਗੀ ਨੂੰ ਅੰਜਾਮ ਦਿੰਦੇ ਹਨ।
ਪਾਸਵਰਡ ਅਤੇ ਓਟੀਪੀ ਕਿਸੇ ਨਾਲ ਨਾ ਕਰੋ ਸਾਂਝੇ
ਪੰਜਾਬ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਵਿਅਕਤੀ ਆਪਣੇ ਬੈਂਕ ਖਾਤੇ ਨਾਲ ਸਬੰਧਤ ਪਾਸਵਰਡ, ਓਟੀਪੀ, ਏਟੀਐਮ ਜਾਂ ਹੋਰ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰੇ। ਅਜਿਹੀ ਜਾਣਕਾਰੀ ਹਾਸਲ ਕਰਕੇ ਸਾਈਬਰ ਅਪਰਾਧੀ ਕੁਝ ਹੀ ਮਿੰਟਾਂ ਵਿੱਚ ਬੈਂਕ ਖਾਤਿਆਂ ਵਿੱਚੋਂ ਰਕਮ ਕੱਢ ਸਕਦੇ ਹਨ।
ਅਣਜਾਣ ਲਿੰਕ ‘ਤੇ ਕਲਿੱਕ ਕਰਨ ਤੋਂ ਪਹਿਲਾਂ ਕਰੋ ਜਾਂਚ
ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਅਣਪਛਾਤੇ ਲਿੰਕ ਜਾਂ ਵੈੱਬਸਾਈਟ ‘ਤੇ ਕਲਿੱਕ ਕਰਨ ਤੋਂ ਪਹਿਲਾਂ ਉਸ ਦੀ ਭਰੋਸੇਯੋਗਤਾ ਦੀ ਪੁਸ਼ਟੀ ਜ਼ਰੂਰ ਕੀਤੀ ਜਾਵੇ। ਸ਼ੱਕੀ ਸੁਨੇਹਿਆਂ ਜਾਂ ਈ-ਮੇਲਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਕਿਸੇ ਵੀ ਲਾਲਚ ਜਾਂ ਦਬਾਅ ਵਿੱਚ ਆ ਕੇ ਆਪਣੀ ਜਾਣਕਾਰੀ ਸਾਂਝੀ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਸਾਈਬਰ ਠੱਗੀ ਦੀ ਸੂਰਤ ਵਿੱਚ ਤੁਰੰਤ ਕਰੋ ਸ਼ਿਕਾਇਤ
ਪੰਜਾਬ ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨਾਲ ਸਾਈਬਰ ਠੱਗੀ ਦੀ ਘਟਨਾ ਵਾਪਰਦੀ ਹੈ ਜਾਂ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਦੀ ਐਮਰਜੈਂਸੀ ਹੈਲਪਲਾਈਨ 112 ‘ਤੇ ਸੰਪਰਕ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।

