ਪਟਿਆਲਾ :- ਬਰਸਾਤ ਦੇ ਮੌਸਮ ਦੌਰਾਨ ਪਹਿਲੀ ਵਾਰ ਹੋਈ ਭਾਰੀ ਬਾਰਿਸ਼ ਨੇ ਪਟਿਆਲਾ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਰੀਬ 3 ਤੋਂ 4 ਘੰਟਿਆਂ ਤੱਕ ਲਗਾਤਾਰ ਪਈ ਤੇਜ਼ ਬਾਰਿਸ਼ ਕਾਰਨ ਸ਼ਹਿਰ ਦੇ ਕਈ ਇਲਾਕੇ ਪਾਣੀ ਨਾਲ ਭਰ ਗਏ। ਅਰਬਨ ਅਸਟੇਟ ਸਮੇਤ ਕਈ ਇਲਾਕਿਆਂ ਵਿੱਚ ਸੜਕਾਂ ਅਤੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ, ਜਦਕਿ ਸਨੌਰ ਖੇਤਰ ਵਿੱਚ ਕਈ ਮਕਾਨਾਂ ਵਿੱਚ ਦੋ-ਦੋ ਫੁੱਟ ਤੱਕ ਪਾਣੀ ਵੜ ਗਿਆ।
ਇਸ ਦੌਰਾਨ ਸਨੌਰ ਦੇ ਭਾਂਖਰ ਚੌਕ ਇਲਾਕੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਕੱਚੇ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਬੱਚੀ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।
ਛੱਤ ਡਿੱਗਣ ਨਾਲ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਜਾਣਕਾਰੀ ਅਨੁਸਾਰ ਭਾਰੀ ਮੀਂਹ ਦੌਰਾਨ ਸਵੇਰੇ ਕਰੀਬ 4 ਵਜੇ ਭਾਂਖਰ ਚੌਕ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਘਰ ਦੀ ਛੱਤ ਅਚਾਨਕ ਢਹਿ ਗਈ। ਉਸ ਸਮੇਂ ਬੱਚੀ ਆਪਣੀ ਮਾਂ ਨਾਲ ਘਰ ਵਿੱਚ ਸੁੱਤੀ ਹੋਈ ਸੀ।
ਛੱਤ ਡਿੱਗਣ ਕਾਰਨ ਦੋਵੇਂ ਮਲਬੇ ਹੇਠਾਂ ਦੱਬ ਗਏ। ਪਰਿਵਾਰਕ ਮੈਂਬਰਾਂ ਅਤੇ ਆਸਪਾਸ ਦੇ ਲੋਕਾਂ ਨੇ ਤੁਰੰਤ ਮਲਬਾ ਹਟਾ ਕੇ ਦੋਵਾਂ ਨੂੰ ਬਾਹਰ ਕੱਢਿਆ, ਪਰ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਜਦਕਿ ਜ਼ਖਮੀ ਮਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਸ਼ਹਿਰ ਦੇ ਕਈ ਇਲਾਕੇ ਪਾਣੀ ’ਚ ਡੁੱਬੇ
ਬਾਰਿਸ਼ ਕਾਰਨ ਪਟਿਆਲਾ ਦੇ ਤ੍ਰਿਪੜੀ, ਅਰਬਨ ਅਸਟੇਟ, ਪੰਜਾਬੀ ਯੂਨੀਵਰਸਿਟੀ, ਸਟੇਟ ਕਾਲਜ, ਆਰਿਆ ਸਮਾਜ ਸਮੇਤ ਕਈ ਇਲਾਕੇ ਪ੍ਰਭਾਵਿਤ ਹੋਏ। ਕਈ ਥਾਵਾਂ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸਨੌਰ-ਭਾਂਖਰ ਰੋਡ ਅਤੇ ਖੇੜੇ ਵਾਲਾ ਇਲਾਕਾ ਵੀ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਨਵੇਂ ਪਾਏ ਗਏ ਨਾਲੇ ਦੀ ਪਾਈਪ ਸਮਰੱਥਾ ਘੱਟ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ ਅਤੇ ਪਾਣੀ ਵਾਪਸ ਇਲਾਕਿਆਂ ਵਿੱਚ ਭਰ ਗਿਆ।
ਕਈ ਸਕੂਲਾਂ ਨੂੰ ਕਰਨੀ ਪਈ ਛੁੱਟੀ
ਭਾਰੀ ਬਾਰਿਸ਼ ਅਤੇ ਪਾਣੀ ਭਰਨ ਕਾਰਨ ਸ਼ਹਿਰ ਦੇ ਕੁਝ ਸਕੂਲਾਂ ਨੂੰ ਵੀ ਛੁੱਟੀ ਕਰਨੀ ਪਈ। ਲੋਕਾਂ ਦਾ ਕਹਿਣਾ ਹੈ ਕਿ ਬਾਰਿਸ਼ ਭਾਵੇਂ ਗਰਮੀ ਤੋਂ ਰਾਹਤ ਲੈ ਕੇ ਆਈ ਸੀ, ਪਰ ਨਿਕਾਸੀ ਪ੍ਰਬੰਧਾਂ ਦੀ ਕਮੀ ਕਾਰਨ ਇਹ ਉਨ੍ਹਾਂ ਲਈ ਮੁਸੀਬਤ ਬਣ ਗਈ।
ਸਨੌਰ ’ਚ 8 ਘੰਟੇ ਬਿਜਲੀ ਸਪਲਾਈ ਰਹੀ ਪ੍ਰਭਾਵਿਤ
ਬਾਰਿਸ਼ ਤੋਂ ਬਾਅਦ ਸਨੌਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ। ਲੋਕਾਂ ਮੁਤਾਬਕ ਕਈ ਇਲਾਕਿਆਂ ਵਿੱਚ 6 ਤੋਂ 8 ਘੰਟਿਆਂ ਤੱਕ ਬਿਜਲੀ ਬੰਦ ਰਹੀ।
ਸਥਾਨਕ ਵਸਨੀਕਾਂ ਨੇ ਪਾਵਰਕਾਮ ਦੇ ਅਧਿਕਾਰੀਆਂ ’ਤੇ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਮੰਗ ਕੀਤੀ ਹੈ ਕਿ ਬਿਜਲੀ ਪ੍ਰਬੰਧਾਂ ਨੂੰ ਸੁਧਾਰਿਆ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਪਾਣੀ ਦੀ ਨਿਕਾਸੀ ਲਈ ਨਿਗਮ ਨੇ ਲਗਾਈਆਂ ਟੀਮਾਂ
ਉੱਧਰ, ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਲਈ ਸ਼ਹਿਰ ਵਿੱਚ 6 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੇ ਨਿਰਦੇਸ਼ਾਂ ’ਤੇ ਟੀਮਾਂ ਨੀਵੇਂ ਇਲਾਕਿਆਂ ਵਿੱਚੋਂ ਪਾਣੀ ਕੱਢਣ ਦੇ ਕੰਮ ਵਿੱਚ ਜੁਟੀਆਂ ਰਹੀਆਂ। ਨਗਰ ਨਿਗਮ ਕਮਿਸ਼ਨਰ ਨੇ ਫੁਲਕੀਆਂ ਐਨਕਲੇਵ, ਤ੍ਰਿਪੜੀ, ਭਾਸ਼ਾ ਵਿਭਾਗ ਖੇਤਰ, ਚਾਂਦਨੀ ਚੌਕ, ਜੈਕਬ ਡਰੇਨ ਸਮੇਤ ਕਈ ਪਾਣੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਫੀਲਡ ਸਟਾਫ ਨੂੰ ਸੰਵੇਦਨਸ਼ੀਲ ਥਾਵਾਂ ’ਤੇ ਤਾਇਨਾਤ ਰਹਿਣ ਅਤੇ ਪਾਣੀ ਭਰਨ ਦੀ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

