ਨਵੀਂ ਦਿੱਲੀ :- ਭਾਰਤੀ ਰਿਜ਼ਰਵ ਬੈਂਕ (RBI) ਨੇ ਮਹਿੰਗਾਈ ਅਤੇ ਆਰਥਿਕ ਸਥਿਤੀਆਂ ਨੂੰ ਦੇਖਦੇ ਹੋਏ ਲਗਾਤਾਰ ਚੌਥੀ ਮੌਦ੍ਰਿਕ ਨੀਤੀ ਬੈਠਕ ਵਿੱਚ ਰੇਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। RBI ਦੀ ਮੌਦ੍ਰਿਕ ਨੀਤੀ ਕਮੇਟੀ (MPC) ਨੇ ਰੇਪੋ ਰੇਟ ਨੂੰ 5.25 ਫ਼ੀਸਦੀ ’ਤੇ ਹੀ ਕਾਇਮ ਰੱਖਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਦਸੰਬਰ 2025 ਵਿੱਚ ਰੇਪੋ ਰੇਟ ਵਿੱਚ 0.25 ਫ਼ੀਸਦੀ ਦੀ ਕਟੌਤੀ ਕੀਤੀ ਗਈ ਸੀ।
ਮੌਦ੍ਰਿਕ ਨੀਤੀ ਦਾ ਰੁਖ਼ ਨਿਰਪੱਖ ਰੱਖਿਆ
RBI ਨੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਨੀਤੀਗਤ ਰੁਖ਼ ‘ਨਿਰਪੱਖ’ (Neutral) ਬਣਾਈ ਰੱਖਿਆ ਹੈ। RBI ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਚੱਲ ਰਹੀ ਅਣਿਸ਼ਚਿਤਤਾ, ਊਰਜਾ ਕੀਮਤਾਂ ਵਿੱਚ ਉਤਾਰ-ਚੜ੍ਹਾਅ ਅਤੇ ਸਪਲਾਈ ਚੇਨ ਨਾਲ ਜੁੜੀਆਂ ਚੁਣੌਤੀਆਂ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਨੇ ਮਜ਼ਬੂਤੀ ਦਿਖਾਈ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਘਰੇਲੂ ਆਰਥਿਕ ਗਤੀਵਿਧੀਆਂ ਪਹਿਲੀ ਤਿਮਾਹੀ ਦੇ ਉਪਲਬਧ ਸੰਕੇਤਾਂ ਤੋਂ ਮਜ਼ਬੂਤ ਨਜ਼ਰ ਆ ਰਹੀਆਂ ਹਨ।
ਮਹਿੰਗਾਈ ਦਰ ਦਾ ਅਨੁਮਾਨ ਘਟਾਇਆ
RBI ਨੇ ਮਹਿੰਗਾਈ ਦੇ ਅਨੁਮਾਨ ਵਿੱਚ ਵੀ ਮਾਮੂਲੀ ਕਟੌਤੀ ਕੀਤੀ ਹੈ। ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਲਈ ਖਪਤਕਾਰ ਮੁੱਲ ਸੂਚਕ ਅੰਕ (CPI) ਆਧਾਰਿਤ ਮਹਿੰਗਾਈ ਦਰ ਦਾ ਅਨੁਮਾਨ ਹੁਣ 5 ਫ਼ੀਸਦੀ ਰੱਖਿਆ ਗਿਆ ਹੈ, ਜੋ ਪਹਿਲਾਂ ਦੇ ਅਨੁਮਾਨ ਨਾਲੋਂ 10 ਬੇਸਿਸ ਪੁਆਇੰਟ ਘੱਟ ਹੈ।
RBI ਮੁਤਾਬਕ ਪਹਿਲੀ ਤਿਮਾਹੀ ਵਿੱਚ ਮਹਿੰਗਾਈ 5.3 ਫ਼ੀਸਦੀ, ਦੂਜੀ ਤਿਮਾਹੀ ਵਿੱਚ 4.7 ਫ਼ੀਸਦੀ, ਤੀਜੀ ਤਿਮਾਹੀ ਵਿੱਚ 5.9 ਫ਼ੀਸਦੀ ਅਤੇ ਚੌਥੀ ਤਿਮਾਹੀ ਵਿੱਚ 5.5 ਫ਼ੀਸਦੀ ਰਹਿਣ ਦਾ ਅਨੁਮਾਨ ਹੈ।
ਈਂਧਨ ਅਤੇ ਖਾਣ-ਪੀਣ ਦੀਆਂ ਕੀਮਤਾਂ ਚਿੰਤਾ ਦਾ ਕਾਰਨ
RBI ਗਵਰਨਰ ਨੇ ਕਿਹਾ ਕਿ ਮਹਿੰਗਾਈ ਵਿੱਚ ਵਾਧੇ ਦਾ ਮੁੱਖ ਕਾਰਨ ਈਂਧਨ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਰਿਹਾ ਹੈ। ਹਾਲਾਂਕਿ ਖਾਣ-ਪੀਣ ਅਤੇ ਈਂਧਨ ਨੂੰ ਛੱਡ ਕੇ ਕੋਰ ਮਹਿੰਗਾਈ ਮਈ ਅਤੇ ਜੂਨ ਦੌਰਾਨ 3.9 ਫ਼ੀਸਦੀ ’ਤੇ ਸਥਿਰ ਰਹੀ।
ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਅਤੇ ਭੂ-ਰਾਜਨੀਤਿਕ ਹਾਲਾਤਾਂ ਕਾਰਨ ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਨੂੰ ਲੈ ਕੇ ਅਣਿਸ਼ਚਿਤਤਾ ਬਣੀ ਰਹਿ ਸਕਦੀ ਹੈ।
GDP ਵਿਕਾਸ ਦਰ ਦਾ ਅਨੁਮਾਨ ਵਧਾਇਆ
RBI ਨੇ ਵਿੱਤੀ ਸਾਲ 2026-27 ਲਈ ਭਾਰਤ ਦੀ ਅਸਲ GDP ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.7 ਫ਼ੀਸਦੀ ਕਰ ਦਿੱਤਾ ਹੈ। ਪਹਿਲਾਂ ਇਹ ਅਨੁਮਾਨ 6.6 ਫ਼ੀਸਦੀ ਸੀ। RBI ਮੁਤਾਬਕ ਪਹਿਲੀ ਤਿਮਾਹੀ ਵਿੱਚ ਵਿਕਾਸ ਦਰ 7 ਫ਼ੀਸਦੀ, ਦੂਜੀ ਵਿੱਚ 6.4 ਫ਼ੀਸਦੀ, ਤੀਜੀ ਵਿੱਚ 6.5 ਫ਼ੀਸਦੀ ਅਤੇ ਚੌਥੀ ਤਿਮਾਹੀ ਵਿੱਚ 6.8 ਫ਼ੀਸਦੀ ਰਹਿਣ ਦੀ ਉਮੀਦ ਹੈ।
ਬੈਂਕਿੰਗ ਪ੍ਰਣਾਲੀ ਦੀ ਸਥਿਤੀ ਮਜ਼ਬੂਤ
ਸੰਜੇ ਮਲਹੋਤਰਾ ਨੇ ਕਿਹਾ ਕਿ ਦੇਸ਼ ਦੇ ਬੈਂਕਾਂ ਦੀ ਪੂੰਜੀ ਯੋਗਤਾ, ਤਰਲਤਾ, ਸੰਪਤੀ ਗੁਣਵੱਤਾ ਅਤੇ ਮੁਨਾਫ਼ੇ ਨਾਲ ਜੁੜੇ ਵਿੱਤੀ ਮਾਪਦੰਡ ਮਜ਼ਬੂਤ ਬਣੇ ਹੋਏ ਹਨ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਨੈੱਟ ਇੰਟਰੈਸਟ ਮਾਰਜਿਨ ਵਿੱਚ ਮਾਮੂਲੀ ਕਮੀ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs) ਦੀ ਵਿੱਤੀ ਸਥਿਤੀ ਵੀ ਮਜ਼ਬੂਤ ਹੈ ਅਤੇ ਇਨ੍ਹਾਂ ਵਿੱਚ ਪੂੰਜੀ ਪੱਧਰ ਅਤੇ ਕਰਜ਼ਾ ਗੁਣਵੱਤਾ ਬਿਹਤਰ ਬਣੀ ਹੋਈ ਹੈ।
ਚਾਲੂ ਖਾਤੇ ਵਿੱਚ ਦਰਜ ਹੋਇਆ ਸਰਪਲੱਸ
RBI ਗਵਰਨਰ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦੇ ਚਾਲੂ ਖਾਤੇ ਵਿੱਚ 2.8 ਅਰਬ ਡਾਲਰ ਦਾ ਸਰਪਲੱਸ ਦਰਜ ਕੀਤਾ ਗਿਆ ਹੈ। ਇਸ ਵਿੱਚ ਸੇਵਾ ਖੇਤਰ ਦੇ ਨਿਰਯਾਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਰਕਮਾਂ ਦਾ ਅਹਿਮ ਯੋਗਦਾਨ ਰਿਹਾ।
ਹਾਲਾਂਕਿ ਵਸਤੂ ਵਪਾਰ ਘਾਟਾ ਵਧ ਕੇ ਕਰੀਬ 86 ਅਰਬ ਡਾਲਰ ਹੋ ਗਿਆ ਹੈ, ਜਿਸ ਦਾ ਮੁੱਖ ਕਾਰਨ ਕੱਚੇ ਤੇਲ, ਇਲੈਕਟ੍ਰਾਨਿਕ ਸਮਾਨ ਅਤੇ ਸੋਨੇ ਦੀ ਦਰਾਮਦ ਵਿੱਚ ਵਾਧਾ ਦੱਸਿਆ ਗਿਆ ਹੈ।
ਵਿਦੇਸ਼ੀ ਨਿਵੇਸ਼ ਵਿੱਚ ਵੀ ਮਜ਼ਬੂਤੀ
RBI ਮੁਤਾਬਕ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਕੁੱਲ ਪ੍ਰਤੱਖ ਵਿਦੇਸ਼ੀ ਨਿਵੇਸ਼ (FDI) 30.7 ਅਰਬ ਡਾਲਰ ਦੇ ਪੱਧਰ ’ਤੇ ਰਿਹਾ। RBI ਨੇ ਕਿਹਾ ਕਿ ਵਪਾਰਕ ਸਮਝੌਤਿਆਂ ਅਤੇ ਸੇਵਾ ਨਿਰਯਾਤ ਵਿੱਚ ਵਾਧੇ ਨਾਲ ਭਾਰਤ ਦੇ ਬਾਹਰੀ ਖੇਤਰ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈ।

