ਚੰਡੀਗੜ੍ਹ :- ਪੰਜਾਬ ਵਿੱਚ ਮੌਸਮ ਨੇ ਇੱਕ ਵਾਰ ਫਿਰ ਰੁਖ ਬਦਲ ਲਿਆ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਬੱਦਲਾਂ ਦੀ ਆਵਾਜਾਈ ਤੇ ਮੀਂਹ ਦਾ ਦੌਰ ਸ਼ੁਰੂ ਹੋ ਗਿਆ ਹੈ। ਚੰਡੀਗੜ੍ਹ ਅਤੇ ਮੋਹਾਲੀ ਵਿੱਚ ਮੰਗਲਵਾਰ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਦਕਿ ਜਲੰਧਰ, ਲੁਧਿਆਣਾ ਸਮੇਤ ਕਈ ਹੋਰ ਜ਼ਿਲ੍ਹਿਆਂ ਵਿੱਚ ਰਾਤ ਤੋਂ ਹੀ ਅਸਮਾਨ ਬੱਦਲਾਂ ਨਾਲ ਢੱਕਿਆ ਹੋਇਆ ਹੈ। ਮੌਸਮ ਵਿਭਾਗ ਨੇ ਸੂਬੇ ਦੇ ਨੌਂ ਜ਼ਿਲ੍ਹਿਆਂ ਲਈ ਭਾਰੀ ਮੀਂਹ ਅਤੇ ਗਰਜ-ਚਮਕ ਦੀ ਚੇਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਨੁਮਾਨ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਰੂਪਨਗਰ ਅਤੇ ਮੋਹਾਲੀ ਦੇ ਕੁਝ ਹਿੱਸਿਆਂ ਵਿੱਚ ਅੱਜ ਭਾਰੀ ਮੀਂਹ ਪੈ ਸਕਦਾ ਹੈ। ਇਸ ਦੌਰਾਨ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਜਤਾਈ ਗਈ ਹੈ।
ਮੌਨਸੂਨ ਦੇ ਸਰਗਰਮ ਹੋਣ ਪਿੱਛੇ ਇਹ ਹੈ ਕਾਰਨ
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ ਰਾਜਸਥਾਨ ਉੱਪਰ ਬਣੀ ਚੱਕਰਵਾਤੀ ਪ੍ਰਣਾਲੀ ਅਤੇ ਉੱਤਰੀ ਭਾਰਤ ਵਿੱਚ ਸਰਗਰਮ ਟ੍ਰਫ ਲਾਈਨ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਨੂੰ ਮੁੜ ਤਾਕਤ ਮਿਲੀ ਹੈ। ਇਸੇ ਪ੍ਰਣਾਲੀ ਦੇ ਪ੍ਰਭਾਵ ਨਾਲ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਬਦਲਿਆ ਰਹਿਣ ਦੀ ਸੰਭਾਵਨਾ ਹੈ।
6 ਅਗਸਤ ਤੱਕ ਰੁਕ-ਰੁਕ ਕੇ ਮੀਂਹ ਦੇ ਆਸਾਰ
ਵਿਭਾਗ ਦੇ ਅਨੁਸਾਰ 4 ਤੋਂ 6 ਅਗਸਤ ਤੱਕ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਕੁਝ ਥਾਵਾਂ ‘ਤੇ ਮੀਂਹ ਦੀ ਤੀਬਰਤਾ ਵੱਧਣ ਦੀ ਵੀ ਸੰਭਾਵਨਾ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
7 ਤੋਂ 9 ਅਗਸਤ ਤੱਕ ਵੀ ਬਣੇ ਰਹਿਣਗੇ ਮੀਂਹ ਦੇ ਹਾਲਾਤ
ਮੌਸਮ ਵਿਭਾਗ ਦਾ ਕਹਿਣਾ ਹੈ ਕਿ 7 ਤੋਂ 9 ਅਗਸਤ ਦੇ ਵਿਚਕਾਰ ਵੀ ਪੰਜਾਬ ਦੇ ਕੁਝ ਖੇਤਰਾਂ ਵਿੱਚ ਮੀਂਹ ਦੀ ਗਤੀਵਿਧੀ ਜਾਰੀ ਰਹਿ ਸਕਦੀ ਹੈ। ਇਸ ਕਰਕੇ ਆਉਣ ਵਾਲੇ ਕੁਝ ਦਿਨਾਂ ਤੱਕ ਤਾਪਮਾਨ ਵਿੱਚ ਰਾਹਤ ਮਿਲਣ ਦੇ ਨਾਲ-ਨਾਲ ਕਈ ਥਾਵਾਂ ‘ਤੇ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਦੀ ਉਮੀਦ ਹੈ।

