ਜੰਡਿਆਲਾ ਗੁਰੂ ‘ਚ ਵਕੀਲ ਦੀ ਸਨਸਨੀਖੇਜ਼ ਹੱਤਿਆ ਮਾਮਲੇ ਨੇ ਪੰਜਾਬ ਭਰ ਦੇ ਕਾਨੂੰਨੀ ਵਰਗ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਹੱਤਿਆ ਦੇ ਵਿਰੋਧ ‘ਚ ਅੱਜ ਰਾਜ ਭਰ ਦੀਆਂ ਵਕੀਲ ਸੰਘਠਨਾਂ ਵੱਲੋਂ ਕੰਮ ਬੰਦ ਰੱਖ ਕੇ ਹੜਤਾਲ ਕੀਤੀ ਗਈ। ਅੰਮ੍ਰਿਤਸਰ ਸਿਵਲ ਕੋਰਟ ਵੀ ਪੂਰੀ ਤਰ੍ਹਾਂ ਬੰਦ ਰਹੀ, ਜਿੱਥੇ ਵਕੀਲਾਂ ਵੱਲੋਂ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਸਰਕਾਰ ਦੀ ਨੀਤੀ ਉਤੇ ਸਵਾਲ ਚੁੱਕਦੇ ਹੋਏ ਕਿਹਾ, “ਜਦ ਵਕੀਲ ਹੀ ਸੁਰੱਖਿਅਤ ਨਹੀਂ, ਤਾਂ ਆਮ ਨਾਗਰਿਕਾਂ ਦੀ ਸੁਰੱਖਿਆ ਦੀ ਗਾਰੰਟੀ ਕੌਣ ਲਵੇਗਾ?” ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ‘ਚ ਸਾਥੀ ਵਕੀਲ ਉੱਤੇ ਹੋਏ ਹਮਲੇ ਨੇ ਸੂਬੇ ਦੇ ਕਾਨੂੰਨੀ ਮਾਹੌਲ ‘ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹਮਲੇ ‘ਚ ਜ਼ਖ਼ਮੀ ਹੋਏ ਵਕੀਲ ਦੀ ਹਸਪਤਾਲ ‘ਚ ਮੌਤ ਹੋ ਚੁੱਕੀ ਹੈ, ਜੋ ਕਿ ਸਿੱਧਾ ਕਾਨੂੰਨ ਅਤੇ ਨਿਆਂ ‘ਤੇ ਹਮਲਾ ਹੈ।
ਬਾਰ ਐਸੋਸੀਏਸ਼ਨ ਅਮਲੀਆਂ ਕਾਰਵਾਈ ਦੀ ਮੰਗ ਕਰ ਰਹੀ ਹੈ। ਹਾਲਾਂਕਿ ਸੂਬਾ ਮੰਤਰੀ ਹਰਭਜਨ ਸਿੰਘ ਈਟੀਓ ਵਕੀਲ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸਨ, ਪਰ ਹੁਣ ਤੱਕ ਨਾ ਤਾਂ ਕਿਸੇ ਹਮਲਾਵਰ ਦੀ ਗ੍ਰਿਫ਼ਤਾਰੀ ਹੋਈ ਹੈ, ਨਾ ਹੀ ਸਰਕਾਰ ਵੱਲੋਂ ਕਿਸੇ ਸੁਰੱਖਿਆ ਯੋਜਨਾ ਦਾ ਐਲਾਨ ਕੀਤਾ ਗਿਆ।
ਵਕੀਲਾਂ ਨੇ ਚਿਤਾਵਨੀ ਦਿੱਤੀ ਕਿ ਜਦ ਤੱਕ ਹਮਲਾਵਰਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਅਤੇ ਵਕੀਲਾਂ ਨੂੰ ਸਰਕਾਰੀ ਸਤਰ ‘ਤੇ ਸੁਰੱਖਿਆ ਦੀ ਗਾਰੰਟੀ ਨਹੀਂ ਮਿਲਦੀ, ਤਦ ਤੱਕ ਉਨ੍ਹਾਂ ਵੱਲੋਂ ਰੋਸ ਮੁਹਿੰਮ ਜਾਰੀ ਰਹੇਗੀ।