ਨਵੀਂ ਦਿੱਲੀ :- ਵਿੱਤੀ ਸਾਲ 2025-26 ਲਈ ਆਮਦਨ ਟੈਕਸ ਰਿਟਰਨ (ITR) ਭਰਨ ਦੀ ਆਖਰੀ ਤਾਰੀਖ ਅੱਜ 31 ਜੁਲਾਈ 2026 ਹੈ। ਜਿਹੜੇ ਟੈਕਸਦਾਤਾ ਅੱਜ ਤੱਕ ਆਪਣੀ ਰਿਟਰਨ ਦਾਖ਼ਲ ਨਹੀਂ ਕਰਦੇ, ਉਹ 31 ਦਸੰਬਰ 2026 ਤੱਕ ਦੇਰੀ ਨਾਲ ਰਿਟਰਨ ਭਰ ਸਕਣਗੇ, ਜਿਸ ਲਈ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਜੁਰਮਾਨਾ ਅਦਾ ਕਰਨਾ ਪਵੇਗਾ। ਵੀਰਵਾਰ ਤੱਕ 5 ਕਰੋੜ ਤੋਂ ਵੱਧ ਟੈਕਸਦਾਤਾ ਆਪਣੀ ਰਿਟਰਨ ਦਾਖ਼ਲ ਕਰ ਚੁੱਕੇ ਹਨ।
ਆਖਰੀ ਤਾਰੀਖ ਵਧਾਉਣ ਬਾਰੇ ਨਹੀਂ ਹੋਇਆ ਕੋਈ ਐਲਾਨ
ਆਮਦਨ ਟੈਕਸ ਵਿਭਾਗ ਵੱਲੋਂ ITR ਭਰਨ ਦੀ ਮਿਆਦ ਵਧਾਉਣ ਸਬੰਧੀ ਹਾਲੇ ਤੱਕ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਤਾਰੀਖ ਵਿੱਚ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਇਸ ਬਾਰੇ ਜਾਣਕਾਰੀ ਸਿਰਫ਼ ਅਧਿਕਾਰਤ ਨੋਟੀਫਿਕੇਸ਼ਨ ਰਾਹੀਂ ਹੀ ਦਿੱਤੀ ਜਾਵੇਗੀ। ਫਿਲਹਾਲ ਵਿਅਕਤੀਗਤ ਟੈਕਸਦਾਤਾਵਾਂ ਲਈ 31 ਜੁਲਾਈ ਹੀ ਆਖਰੀ ਮਿਤੀ ਹੈ।
ਛੋਟ ਤੋਂ ਬਾਹਰ ਹੋਣ ਦੇ ਬਾਵਜੂਦ ਇਨ੍ਹਾਂ ਹਾਲਾਤਾਂ ਵਿੱਚ ਰਿਟਰਨ ਜ਼ਰੂਰੀ
ਆਮਦਨ ਟੈਕਸ ਛੋਟ ਦੀ ਸੀਮਾ ਤੋਂ ਘੱਟ ਆਮਦਨ ਵਾਲੇ ਵਿਅਕਤੀਆਂ ਲਈ ਵੀ ਕੁਝ ਹਾਲਾਤਾਂ ਵਿੱਚ ITR ਭਰਨਾ ਲਾਜ਼ਮੀ ਹੈ। ਜੇਕਰ ਵਿੱਤੀ ਸਾਲ 2025-26 ਦੌਰਾਨ ਕਿਸੇ ਵਿਅਕਤੀ ਨੇ ਵਿਦੇਸ਼ ਯਾਤਰਾ ‘ਤੇ 2 ਲੱਖ ਰੁਪਏ ਤੋਂ ਵੱਧ ਖਰਚ ਕੀਤੇ ਹਨ, ਬਚਤ ਖਾਤੇ ਵਿੱਚ 50 ਲੱਖ ਰੁਪਏ ਤੋਂ ਵੱਧ ਰਕਮ ਜਮ੍ਹਾਂ ਕੀਤੀ ਹੈ ਜਾਂ 1 ਲੱਖ ਰੁਪਏ ਤੋਂ ਵੱਧ ਦਾ ਬਿਜਲੀ ਬਿੱਲ ਅਦਾ ਕੀਤਾ ਹੈ ਤਾਂ ਉਸ ਨੂੰ ਰਿਟਰਨ ਦਾਖ਼ਲ ਕਰਨੀ ਪਵੇਗੀ।
ਟੈਕਸਦਾਤਾਵਾਂ ਨੂੰ ਆਖਰੀ ਦਿਨ ਤੱਕ ਉਡੀਕ ਨਾ ਕਰਨ ਦੀ ਸਲਾਹ
ਮਾਹਿਰਾਂ ਅਨੁਸਾਰ ਆਖਰੀ ਦਿਨ ਵੈੱਬਸਾਈਟ ‘ਤੇ ਵੱਧ ਟ੍ਰੈਫਿਕ ਕਾਰਨ ਤਕਨੀਕੀ ਸਮੱਸਿਆਵਾਂ ਆ ਸਕਦੀਆਂ ਹਨ। ਇਸ ਲਈ ਟੈਕਸਦਾਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ ਸਿਰ ਆਪਣੀ ਰਿਟਰਨ ਦਾਖ਼ਲ ਕਰ ਦੇਣ, ਤਾਂ ਜੋ ਬਾਅਦ ਵਿੱਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

