ਲੁਧਿਆਣਾ :- ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਪੰਜਾਬ ਨਾਲ ਸਬੰਧਤ ਇੱਕ 23 ਸਾਲਾ ਨੌਜਵਾਨ ਲੜਕੀ ਦੀ ਕਥਿਤ ਤੌਰ ਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕਾ ਦੇ ਲਿਵ-ਇਨ ਪਾਰਟਨਰ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਸਮਰਾਲਾ ਦੀ ਰਹਿਣ ਵਾਲੀ ਸੀ ਦਮਨਪ੍ਰੀਤ ਕੌਰ
ਮ੍ਰਿਤਕਾ ਦੀ ਪਛਾਣ ਦਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਇਲਾਕੇ ਦੀ ਰਹਿਣ ਵਾਲੀ ਸੀ। ਪਰਿਵਾਰ ਨੇ ਕਰਜ਼ਾ ਲੈ ਕੇ ਕਰੀਬ ਪੰਜ ਸਾਲ ਪਹਿਲਾਂ ਉਸ ਨੂੰ ਉੱਚ ਸਿੱਖਿਆ ਲਈ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਿਆ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਉੱਥੇ ਨੌਕਰੀ ਕਰ ਰਹੀ ਸੀ।
ਘਰ ਵਿੱਚ ਬੇਹੋਸ਼ ਮਿਲੀ, ਇਲਾਜ ਦੌਰਾਨ ਹੋਈ ਮੌਤ
ਐਡਮਿੰਟਨ ਪੁਲਿਸ ਮੁਤਾਬਕ 9 ਜੁਲਾਈ ਦੀ ਸ਼ਾਮ ਸਿਲਵਰਬੇਰੀ ਇਲਾਕੇ ਦੇ ਇੱਕ ਘਰ ਤੋਂ ਐਮਰਜੈਂਸੀ ਕਾਲ ਮਿਲਣ ‘ਤੇ ਪੁਲਿਸ ਅਤੇ ਪੈਰਾਮੈਡਿਕਸ ਮੌਕੇ ‘ਤੇ ਪਹੁੰਚੇ। ਉੱਥੇ ਦਮਨਪ੍ਰੀਤ ਕੌਰ ਬੇਹੋਸ਼ ਹਾਲਤ ਵਿੱਚ ਮਿਲੀ, ਜਿਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ 12 ਜੁਲਾਈ ਨੂੰ ਉਸ ਦੀ ਮੌਤ ਹੋ ਗਈ।
ਪੋਸਟਮਾਰਟਮ ਵਿੱਚ ਗਲਾ ਘੁੱਟਣ ਦੀ ਹੋਈ ਪੁਸ਼ਟੀ
14 ਜੁਲਾਈ ਨੂੰ ਹੋਏ ਪੋਸਟਮਾਰਟਮ ਵਿੱਚ ਇਹ ਪੁਸ਼ਟੀ ਹੋਈ ਕਿ ਦਮਨਪ੍ਰੀਤ ਦੀ ਮੌਤ ਗਲਾ ਘੁੱਟਣ ਕਾਰਨ ਹੋਈ। ਇਸ ਤੋਂ ਬਾਅਦ ਹੋਮੀਸਾਈਡ ਯੂਨਿਟ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ।
ਲਿਵ-ਇਨ ਪਾਰਟਨਰ ਖ਼ਿਲਾਫ਼ ਕਤਲ ਦਾ ਕੇਸ ਦਰਜ
ਜਾਂਚ ਤੋਂ ਬਾਅਦ ਪੁਲਿਸ ਨੇ 22 ਜੁਲਾਈ ਨੂੰ ਦਮਨਪ੍ਰੀਤ ਦੇ ਲਿਵ-ਇਨ ਪਾਰਟਨਰ ਰਿਤੇਸ਼ ਕੁਮਾਰ (22), ਜੋ ਦਿੱਲੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਵਿਰੁੱਧ ਸੈਕਿੰਡ ਡਿਗਰੀ ਮਰਡਰ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਨੂੰ ਘਰੇਲੂ ਹਿੰਸਾ ਨਾਲ ਜੁੜਿਆ ਮਾਮਲਾ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਫਿਲਹਾਲ ਇਸ ਕੇਸ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਨਹੀਂ ਆਈ।
ਪਰਿਵਾਰ ਨੇ ਮਦਦ ਲਈ ਲਗਾਈ ਗੁਹਾਰ
ਦਮਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਅਤੇ ਅੰਤਿਮ ਸੰਸਕਾਰ ਦਾ ਖਰਚਾ ਚੁੱਕਣ ਲਈ ਸੋਸ਼ਲ ਮੀਡੀਆ ‘ਤੇ ‘ਗੋ-ਫੰਡ-ਮੀ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹੁਣ ਤੱਕ ਪਰਿਵਾਰ ਨੂੰ ਨਾ ਤਾਂ ਭਾਰਤੀ ਦੂਤਾਵਾਸ ਅਤੇ ਨਾ ਹੀ ਕਿਸੇ ਸਰਕਾਰੀ ਏਜੰਸੀ ਵੱਲੋਂ ਕੋਈ ਵਿੱਤੀ ਸਹਾਇਤਾ ਮਿਲੀ ਹੈ।

