ਚੰਡੀਗੜ੍ਹ :- ਪੰਜਾਬ ਵਿੱਚ ਕੁਝ ਦਿਨਾਂ ਤੱਕ ਸਰਗਰਮ ਰਹਿਣ ਤੋਂ ਬਾਅਦ ਮੌਨਸੂਨ ਦੀ ਰਫ਼ਤਾਰ ਇੱਕ ਵਾਰ ਫਿਰ ਹੌਲੀ ਪੈਂਦੀ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਘੱਟ ਹੈ, ਹਾਲਾਂਕਿ ਉੱਤਰੀ ਅਤੇ ਸ਼ਿਵਾਲਿਕ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਦਰਮਿਆਨੇ ਮੀਂਹ ਦੇ ਦੌਰ ਜਾਰੀ ਰਹਿ ਸਕਦੇ ਹਨ।
ਅੱਜ ਕਈ ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ
ਵੀਰਵਾਰ ਨੂੰ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੁਹਾਲੀ) ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ, ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਜਤਾਈ ਗਈ ਹੈ। ਇਸੇ ਦੌਰਾਨ ਜਲੰਧਰ ਵਿੱਚ ਸਵੇਰ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਦਕਿ ਸੂਬੇ ਦੇ ਹੋਰ ਕਈ ਹਿੱਸਿਆਂ ਵਿੱਚ ਬੱਦਲਵਾਈ ਬਣੀ ਹੋਈ ਹੈ। ਬੱਦਲਾਂ ਕਾਰਨ ਦਿਨ ਦੇ ਤਾਪਮਾਨ ਵਿੱਚ ਵੀ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ।
ਮੀਂਹ ਘਟਣ ਨਾਲ ਵਧੇਗੀ ਨਮੀ ਅਤੇ ਹੁੰਮਸ
ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਮੌਨਸੂਨ ਦੀ ਸਰਗਰਮੀ ਸੀਮਤ ਰਹਿ ਸਕਦੀ ਹੈ। ਇਸ ਕਾਰਨ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹਵਾ ਵਿੱਚ ਨਮੀ ਦਾ ਪੱਧਰ ਉੱਚਾ ਰਹੇਗਾ ਅਤੇ ਜਿਵੇਂ ਹੀ ਬੱਦਲਾਂ ਦੀ ਮਾਤਰਾ ਘਟੇਗੀ, ਲੋਕਾਂ ਨੂੰ ਹੁੰਮਸ ਦਾ ਅਹਿਸਾਸ ਵੱਧ ਹੋ ਸਕਦਾ ਹੈ। ਉੱਤਰੀ ਅਤੇ ਸ਼ਿਵਾਲਿਕ ਖੇਤਰਾਂ ਵਿੱਚ ਛਿਟਪੁੱਟ ਹਲਕੀ ਜਾਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਪਰ ਵਿਆਪਕ ਭਾਰੀ ਮੀਂਹ ਦੇ ਫਿਲਹਾਲ ਕੋਈ ਸੰਕੇਤ ਨਹੀਂ ਮਿਲ ਰਹੇ।
24 ਜੁਲਾਈ: ਪੂਰੇ ਸੂਬੇ ਲਈ ਕੋਈ ਚੇਤਾਵਨੀ ਨਹੀਂ
ਸ਼ੁੱਕਰਵਾਰ, 24 ਜੁਲਾਈ ਲਈ ਮੌਸਮ ਵਿਭਾਗ ਨੇ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ। ਜ਼ਿਆਦਾਤਰ ਇਲਾਕਿਆਂ ਵਿੱਚ ਅਸਮਾਨ ਬੱਦਲਵਾਈ ਰਹਿਣ ਅਤੇ ਕੁਝ ਥਾਵਾਂ ’ਤੇ ਹਲਕੀਆਂ ਫੁਹਾਰਾਂ ਪੈਣ ਦੀ ਸੰਭਾਵਨਾ ਹੈ। ਮੌਸਮ ਆਮ ਰਹਿਣ ਦੀ ਉਮੀਦ ਹੈ ਅਤੇ ਕਿਸੇ ਵੱਡੇ ਮੌਸਮੀ ਖ਼ਤਰੇ ਦੀ ਸੰਭਾਵਨਾ ਨਹੀਂ ਦੱਸੀ ਗਈ।
25 ਜੁਲਾਈ: ਉੱਤਰੀ ਜ਼ਿਲ੍ਹਿਆਂ ’ਚ ਮੁੜ ਯੈਲੋ ਚਿਤਾਵਨੀ
ਸ਼ਨੀਵਾਰ, 25 ਜੁਲਾਈ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਐਸ.ਏ.ਐਸ. ਨਗਰ (ਮੁਹਾਲੀ) ਅਤੇ ਸ਼ਹੀਦ ਭਗਤ ਸਿੰਘ ਨਗਰ ਲਈ ਮੁੜ ਯੈਲੋ ਚਿਤਾਵਨੀ ਜਾਰੀ ਰਹੇਗੀ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਤੇਜ਼ ਮੀਂਹ ਅਤੇ ਗਰਜ-ਚਮਕ ਵਾਲੇ ਮੌਸਮ ਦੀ ਸੰਭਾਵਨਾ ਹੈ, ਜਦਕਿ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਮੌਸਮ ਆਮ ਰਹਿਣ ਦੀ ਉਮੀਦ ਹੈ।
26 ਜੁਲਾਈ: ਸੂਬੇ ਭਰ ਵਿੱਚ ਮੌਸਮ ਰਹੇਗਾ ਆਮ
ਐਤਵਾਰ, 26 ਜੁਲਾਈ ਨੂੰ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਲਈ ਕੋਈ ਮੌਸਮੀ ਚੇਤਾਵਨੀ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਬਹੁਤੇ ਇਲਾਕਿਆਂ ਵਿੱਚ ਅਸਮਾਨ ਅੰਸ਼ਕ ਤੌਰ ’ਤੇ ਬੱਦਲਵਾਈ ਰਹੇਗਾ ਅਤੇ ਕੁਝ ਥਾਵਾਂ ’ਤੇ ਖਿੰਡੇ-ਪੁੰਡੇ ਮੀਂਹ ਦੇ ਦੌਰ ਪੈ ਸਕਦੇ ਹਨ। ਫਿਲਹਾਲ ਸੂਬੇ ਵਿੱਚ ਕਿਸੇ ਵਿਆਪਕ ਜਾਂ ਲੰਬੇ ਸਮੇਂ ਵਾਲੀ ਭਾਰੀ ਬਾਰਿਸ਼ ਦੀ ਸੰਭਾਵਨਾ ਨਹੀਂ ਦਿਖਾਈ ਦੇ ਰਹੀ।

