ਅੰਮ੍ਰਿਤਸਰ :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਿੰਨ ਦਿਨਾਂ ਦੇ ਧਾਰਮਿਕ ਦੌਰੇ ਲਈ ਯੂਨਾਈਟਡ ਕਿੰਗਡਮ ਪੁੱਜ ਗਏ ਹਨ। ਨਿਹਕਾਮੀ ਸੇਵਾ ਟ੍ਰਸਟ ਯੂਕੇ ਦੇ ਸੱਦੇ ‘ਤੇ ਹੋ ਰਹੇ ਇਸ ਦੌਰੇ ਦੌਰਾਨ ਲੰਡਨ ਹਵਾਈ ਅੱਡੇ ‘ਤੇ ਸਥਾਨਕ ਸਿੱਖ ਸੰਗਤ ਅਤੇ ਨੌਜਵਾਨਾਂ ਨੇ ਸਿਰੋਪਾਓ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਜਥੇਦਾਰ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ‘ਤੇ ਬੋਲੇ ਸੋ ਨਿਹਾਲ…ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ।
ਗੁਰਮਤਿ ਸਮਾਗਮਾਂ ਵਿੱਚ ਕਰਨਗੇ ਸ਼ਮੂਲੀਅਤ
ਆਪਣੇ ਦੌਰੇ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਲੰਡਨ ਦੇ ਗੁਰਦੁਆਰਾ ਗੁਰੂ ਗ਼ਰੀਬ ਨਿਵਾਜ, ਹੇਜ਼ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰਨਗੇ। ਇਸ ਮੌਕੇ ਉਹ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਅਤੇ ਵੱਖ-ਵੱਖ ਧਾਰਮਿਕ ਤੇ ਪੰਥਕ ਮਸਲਿਆਂ ‘ਤੇ ਵੀ ਆਪਣੇ ਵਿਚਾਰ ਪ੍ਰਗਟ ਕਰਨਗੇ। ਇਹ ਸਮਾਗਮ ਨਿਹਕਾਮੀ ਸੇਵਾ ਟ੍ਰਸਟ ਯੂਕੇ, ਜੱਥਾ ਪੰਜ ਪਿਆਰੇ ਸਾਹਿਬਾਨ ਯੂਕੇ, ਗੁਰੂ ਹਰਿਗੋਬਿੰਦ ਸਾਹਿਬ ਟ੍ਰਸਟ ਯੂਕੇ ਅਤੇ ਸਮੂਹ ਸਾਧ-ਸੰਗਤ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ ਜਾ ਰਿਹਾ ਹੈ।
ਸਾਊਥਾਲ ਦੀ ਸੰਗਤ ਨਾਲ ਵੀ ਹੋਵੇਗੀ ਮੁਲਾਕਾਤ
ਦੌਰੇ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਾਊਥਾਲ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਵਿੱਚ ਵੀ ਸ਼ਿਰਕਤ ਕਰਨਗੇ। ਉੱਥੇ ਉਹ ਸਥਾਨਕ ਸੰਗਤ ਨਾਲ ਮਿਲ ਕੇ ਵਿਚਾਰ-ਵਟਾਂਦਰਾ ਕਰਨਗੇ ਅਤੇ ਪੰਥ ਨਾਲ ਜੁੜੇ ਮਸਲਿਆਂ ‘ਤੇ ਸੰਬੋਧਨ ਕਰਨਗੇ।
ਮੀਡੀਆ ਸਲਾਹਕਾਰ ਵੀ ਹਨ ਨਾਲ
ਇਸ ਵਿਦੇਸ਼ ਦੌਰੇ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ ਵੀ ਯੂਕੇ ਪੁੱਜੇ ਹਨ, ਜੋ ਵੱਖ-ਵੱਖ ਧਾਰਮਿਕ ਅਤੇ ਪੰਥਕ ਪ੍ਰੋਗਰਾਮਾਂ ਵਿੱਚ ਉਨ੍ਹਾਂ ਨਾਲ ਮੌਜੂਦ ਰਹਿਣਗੇ।

