ਅੰਮ੍ਰਿਤਸਰ :- ਪੰਜਾਬ ਦੀ ਸਿਆਸਤ ਵਿੱਚ ਵਪਾਰੀ ਵਰਗ ਦੀ ਸਿੱਧੀ ਭਾਗੀਦਾਰੀ ਨੂੰ ਲੈ ਕੇ ਇੱਕ ਨਵੀਂ ਪਹਿਲ ਸਾਹਮਣੇ ਆਈ ਹੈ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਦੀ ਮੀਟਿੰਗ ਦੌਰਾਨ ਸਾਲ 2027 (Punjab Elections 2027) ਦੀਆਂ ਵਿਧਾਨ ਸਭਾ ਚੋਣਾਂ ਲਈ ਉਦਯੋਗਪਤੀ ਰੰਜਨ ਅਗਰਵਾਲ ਨੂੰ ਉਮੀਦਵਾਰ ਵਜੋਂ ਅੱਗੇ ਲਿਆਉਣ ਦਾ ਐਲਾਨ ਕੀਤਾ ਗਿਆ। ਇਸ ਫ਼ੈਸਲੇ ਤੋਂ ਬਾਅਦ ਸੂਬੇ ਭਰ ਵਿੱਚ ਵਪਾਰਕ ਅਤੇ ਉਦਯੋਗਿਕ ਜਥੇਬੰਦੀਆਂ ਵਿੱਚ ਸਿਆਸੀ ਪ੍ਰਤੀਨਿਧਤਾ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।

ਵਪਾਰੀਆਂ ਨੂੰ ਸਿਆਸਤ ਵਿੱਚ ਬਣਨਾ ਪਵੇਗਾ ਹਿੱਸੇਦਾਰ : ਸੁਰਿੰਦਰ ਦੁੱਗਲ
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਦੁੱਗਲ ਨੇ ਕਿਹਾ ਕਿ ਲੰਬੇ ਸਮੇਂ ਤੋਂ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਵਪਾਰੀ ਆਪਣੇ ਹੱਕਾਂ ਦੀ ਆਵਾਜ਼ ਖ਼ੁਦ ਵਿਧਾਨ ਸਭਾ ਤੱਕ ਪਹੁੰਚਾਉਣ।
42 ਵਪਾਰਕ ਜਥੇਬੰਦੀਆਂ ਨੇ ਦਿੱਤਾ ਸਮਰਥਨ
ਬੈਠਕ ਵਿੱਚ ਅੰਮ੍ਰਿਤਸਰ ਦੀਆਂ 42 ਵਪਾਰਕ ਅਤੇ ਉਦਯੋਗਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਕਮਤ ਹੋ ਕੇ ਕਿਹਾ ਕਿ ਸੂਬੇ ਦੇ ਹੋਰ ਸ਼ਹਿਰਾਂ ਵਿੱਚ ਵੀ ਯੋਗ ਵਪਾਰੀ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਪਹਿਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਰਾਜ ਦੀ ਆਰਥਿਕਤਾ ਅਤੇ ਰੁਜ਼ਗਾਰ ਸਿਰਜਣ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ, ਇਸ ਲਈ ਨੀਤੀ ਨਿਰਧਾਰਨ ਵਿੱਚ ਵੀ ਉਸ ਦੀ ਪ੍ਰਭਾਵਸ਼ਾਲੀ ਭਾਗੀਦਾਰੀ ਹੋਣੀ ਚਾਹੀਦੀ ਹੈ।
ਸਿਆਸੀ ਪਾਰਟੀਆਂ ਨੂੰ ਟਿਕਟਾਂ ਵਿੱਚ ਵਪਾਰੀਆਂ ਨੂੰ ਤਰਜੀਹ ਦੇਣ ਦੀ ਅਪੀਲ
ਵਪਾਰਕ ਜਥੇਬੰਦੀਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਮੀਦਵਾਰਾਂ ਦੀ ਚੋਣ ਦੌਰਾਨ ਇਮਾਨਦਾਰ ਅਤੇ ਸਮਾਜ ਸੇਵਾ ਨਾਲ ਜੁੜੇ ਵਪਾਰੀਆਂ ਨੂੰ ਵੀ ਯੋਗ ਮੌਕਾ ਦਿੱਤਾ ਜਾਵੇ, ਨਾਲ ਹੀ ਮੰਗ ਕੀਤੀ ਗਈ ਕਿ ਆਉਣ ਵਾਲੀਆਂ ਚੋਣਾਂ ਦੇ ਮੈਨੀਫੈਸਟੋ ਵਿੱਚ ਅੰਮ੍ਰਿਤਸਰ ਦੇ ਵਿਕਾਸ ਲਈ ਸਪੱਸ਼ਟ ਯੋਜਨਾ ਸ਼ਾਮਲ ਕੀਤੀ ਜਾਵੇ।
ਰੰਜਨ ਅਗਰਵਾਲ ਦੇ ਨਾਂ ਤੇ ਬਣੀ ਸਰਬਸੰਮਤੀ
ਮੀਟਿੰਗ ਦੌਰਾਨ ਮੌਜੂਦ ਸਾਰੀਆਂ 42 ਜਥੇਬੰਦੀਆਂ ਨੇ ਰੰਜਨ ਅਗਰਵਾਲ ਦੇ ਨਾਂ ‘ਤੇ ਸਰਬਸੰਮਤੀ ਜਤਾਉਂਦਿਆਂ ਕਿਹਾ ਕਿ ਹੁਣ ਵਪਾਰੀ ਸਿਰਫ਼ ਵੋਟਰ ਬਣ ਕੇ ਨਹੀਂ ਰਹਿਣਗੇ, ਸਗੋਂ ਚੋਣ ਮੈਦਾਨ ਵਿੱਚ ਉਤਰ ਕੇ ਆਪਣੀ ਨੁਮਾਇੰਦਗੀ ਖ਼ੁਦ ਕਰਨਗੇ। ਇਸ ਮੌਕੇ ਰਵੀ ਅਰੋੜਾ, ਜੈਦੀਪ ਸਿੰਘ, ਪੀ. ਮਹਾਜਨ, ਸੰਦੀਪ ਖੋਸਲਾ, ਸੁਨੀਲ ਚੋਪੜਾ, ਰਮਿੰਦਰ ਸਿੰਘ ਸੋਢੀ, ਵੀ.ਕੇ. ਮਹਿਤਾ ਅਤੇ ਹੋਰ ਕਈ ਪ੍ਰਮੁੱਖ ਵਪਾਰੀ ਆਗੂ ਵੀ ਹਾਜ਼ਰ ਸਨ।

