ਫਿਰੋਜ਼ੇਪੁਰ :- ਅਮਰੀਕਾ ਤੋਂ ਪੰਜਾਬੀ ਪਰਿਵਾਰ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਮੂਸੇਵਾਲਾ (ਗੁੱਦੜ ਪੰਜ ਗਰਾਈ) ਦੇ ਰਹਿਣ ਵਾਲੇ ਮਨਦੀਪ ਸਿੰਘ ਦਾ ਅਮਰੀਕਾ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ, ਰਿਸ਼ਤੇਦਾਰਾਂ ਅਤੇ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ।
ਚਾਰ ਸਾਲ ਪਹਿਲਾਂ ਗਿਆ ਸੀ ਅਮਰੀਕਾ
ਪਰਿਵਾਰਕ ਮੈਂਬਰਾਂ ਮੁਤਾਬਕ ਮਨਦੀਪ ਸਿੰਘ ਕਰੀਬ ਚਾਰ ਸਾਲ ਪਹਿਲਾਂ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਅਤੇ ਚੰਗੇ ਭਵਿੱਖ ਦੀ ਉਮੀਦ ਨਾਲ ਲੱਖਾਂ ਰੁਪਏ ਖਰਚ ਕਰਕੇ ਅਮਰੀਕਾ ਗਿਆ ਸੀ। ਉਹ ਕੈਲੀਫ਼ੋਰਨੀਆ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ।
ਬਿਮਾਰੀ ਕਾਰਨ ਹਸਪਤਾਲ ‘ਚ ਸੀ ਦਾਖ਼ਲ
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਸਿਹਤ ਖ਼ਰਾਬ ਸੀ। ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਕਰਜ਼ਾ ਉਤਰਨ ਤੋਂ ਪਹਿਲਾਂ ਹੀ ਉਜੜ ਗਿਆ ਪਰਿਵਾਰ
ਪਰਿਵਾਰ ਨੇ ਦੱਸਿਆ ਕਿ ਮਨਦੀਪ ਨੂੰ ਵਿਦੇਸ਼ ਭੇਜਣ ਲਈ ਲਿਆ ਗਿਆ ਕਰਜ਼ਾ ਅਜੇ ਪੂਰੀ ਤਰ੍ਹਾਂ ਅਦਾ ਵੀ ਨਹੀਂ ਹੋਇਆ ਸੀ ਕਿ ਇਹ ਮੰਦਭਾਗੀ ਘਟਨਾ ਵਾਪਰ ਗਈ। ਨੌਜਵਾਨ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਧੱਕ ਦਿੱਤਾ ਹੈ ਅਤੇ ਘਰ ਵਿੱਚ ਮਾਤਮ ਦਾ ਮਾਹੌਲ ਹੈ।
ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਦੀ ਅਪੀਲ
ਪਰਿਵਾਰ ਨੇ ਭਾਰਤ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇ, ਤਾਂ ਜੋ ਪਰਿਵਾਰ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਆਪਣੇ ਵਤਨ ਵਿੱਚ ਕਰ ਸਕੇ।

