ਨਵੀਂ ਦਿੱਲੀ :- ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਆਨਲਾਈਨ ਕਵਿੱਕ ਕਾਮਰਸ ਪਲੇਟਫਾਰਮ ਸਵਿੱਗੀ ਇੰਸਟਾਮਾਰਟ ਨੂੰ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਨਾਲ ਜੁੜੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਨੌਂ ਨੋਟਿਸ ਜਾਰੀ ਕੀਤੇ ਹਨ। ਇਹ ਕਾਰਵਾਈ ਗਾਹਕਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਅਤੇ ਰੈਗੂਲੇਟਰ ਦੀ ਆਪਣੀ ਜਾਂਚ ਦੇ ਆਧਾਰ ‘ਤੇ ਕੀਤੀ ਗਈ ਹੈ।
ਸੜੇ ਅੰਡੇ, ਖਰਾਬ ਦੁੱਧ ਤੇ ਮਿਆਦ ਪੁੱਗੇ ਉਤਪਾਦਾਂ ਬਾਰੇ ਮਿਲੀਆਂ ਸ਼ਿਕਾਇਤਾਂ
ਐੱਫਐੱਸਐੱਸਏਆਈ ਨੂੰ ਮਿਲੀਆਂ ਸ਼ਿਕਾਇਤਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪਲੇਟਫਾਰਮ ਰਾਹੀਂ ਸੜੇ ਹੋਏ ਅੰਡੇ, ਖਰਾਬ ਦੁੱਧ ਅਤੇ ਮਿਆਦ ਪੁੱਗ ਚੁੱਕੇ ਪੈਕ ਕੀਤੇ ਖਾਣ-ਪੀਣ ਦੇ ਸਮਾਨ ਦੀ ਸਪਲਾਈ ਕੀਤੀ ਗਈ। ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਅਥਾਰਟੀ ਨੇ ਕੰਪਨੀ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਕੰਪਨੀ ਤੋਂ ਮੰਗੀ ਪਾਲਣਾ ਰਿਪੋਰਟ
FSSAI ਨੇ ਸਵਿੱਗੀ ਇੰਸਟਾਮਾਰਟ ਨੂੰ ਨੋਟਿਸਾਂ ਦਾ ਜਵਾਬ ਦੇਣ ਦੇ ਨਾਲ-ਨਾਲ ਪਾਲਣਾ ਰਿਪੋਰਟ ਵੀ ਪੇਸ਼ ਕਰਨ ਲਈ ਕਿਹਾ ਹੈ। ਜੇਕਰ ਕੰਪਨੀ ਨਿਰਧਾਰਤ ਸਮੇਂ ਅੰਦਰ ਸੰਤੋਸ਼ਜਨਕ ਜਵਾਬ ਨਹੀਂ ਦਿੰਦੀ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।
ਭੋਜਨ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਮੰਗੀ ਜਾਣਕਾਰੀ
ਰੈਗੂਲੇਟਰ ਨੇ ਕੰਪਨੀ ਨੂੰ ਇਹ ਵੀ ਦੱਸਣ ਲਈ ਕਿਹਾ ਹੈ ਕਿ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਕਿਹੜੇ ਅੰਦਰੂਨੀ ਪ੍ਰਬੰਧ ਲਾਗੂ ਕੀਤੇ ਗਏ ਹਨ। ਇਸ ਵਿੱਚ ਕੁਆਲਿਟੀ ਕੰਟਰੋਲ, ਸਟਾਕ ਰੋਟੇਸ਼ਨ, ਸਫ਼ਾਈ, ਸਟੋਰੇਜ, ਹੈਂਡਲਿੰਗ ਅਤੇ ਭੋਜਨ ਸੁਰੱਖਿਆ ਨਿਯਮਾਂ ਦੀ ਪਾਲਣਾ ਸਬੰਧੀ ਪੂਰਾ ਵੇਰਵਾ ਅਤੇ ਦਸਤਾਵੇਜ਼ੀ ਸਬੂਤ ਮੰਗੇ ਗਏ ਹਨ।
ਲਾਇਸੈਂਸ ਨਿਯਮਾਂ ਦੀ ਉਲੰਘਣਾ ਦਾ ਵੀ ਮਾਮਲਾ
ਐੱਫਐੱਸਐੱਸਏਆਈ ਨੇ ਇਹ ਵੀ ਕਿਹਾ ਕਿ ਪਲੇਟਫਾਰਮ ‘ਤੇ ਵੇਚੇ ਜਾ ਰਹੇ NOICE Eggs ਮੌਜੂਦਾ ਲਾਇਸੈਂਸ ਅਧੀਨ ਮਨਜ਼ੂਰਸ਼ੁਦਾ ਉਤਪਾਦਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਨਹੀਂ ਸਨ। ਇਸ ਮਾਮਲੇ ਵਿੱਚ ਕੰਪਨੀ ਨੂੰ ਪਹਿਲਾਂ ਹੀ ਹਦਾਇਤ ਦਿੱਤੀ ਗਈ ਸੀ ਕਿ ਵੈਧ ਲਾਇਸੈਂਸ ਪ੍ਰਾਪਤ ਕਰਨ ਜਾਂ ਲਾਇਸੈਂਸ ਵਿੱਚ ਲੋੜੀਂਦੀ ਸੋਧ ਕਰਵਾਉਣ ਤੱਕ ਇਸ ਉਤਪਾਦ ਦੀ ਵਿਕਰੀ ਨਾ ਕੀਤੀ ਜਾਵੇ।
ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ
FSSAI ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਵੀ ਨੌਂ ਨੋਟਿਸ ਜਾਰੀ ਕਰਨ ਦੀ ਪੁਸ਼ਟੀ ਕੀਤੀ ਹੈ। ਅਥਾਰਟੀ ਨੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਅਤੇ ਆਪਣੀ ਨਿਗਰਾਨੀ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ ਕੀਤੀ ਗਈ ਹੈ।

