ਮੁੰਬਈ :- ਮੁੰਬਈ ਵਿੱਚ ਮੰਗਲਵਾਰ ਸਵੇਰੇ ਤੋਂ ਹੀ ਬੱਦਲਵਾਈ ਅਤੇ ਤੇਜ਼ ਹਵਾਵਾਂ ਦਾ ਦੌਰ ਜਾਰੀ ਰਿਹਾ। ਮੌਸਮ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਸ਼ਹਿਰ ਲਈ ‘ਆਰੇਂਜ ਅਲਰਟ’ ਜਾਰੀ ਕੀਤਾ ਹੈ। ਵਿਭਾਗ ਨੇ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਉਂਦਿਆਂ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਪੂਰੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਸਾਵਧਾਨੀ ਵਜੋਂ ਸਾਰੇ ਸਕੂਲ ਅਤੇ ਕਾਲਜ ਰੱਖੇ ਗਏ ਬੰਦ
ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਨੇ ਮੁੰਬਈ ਦੇ ਸਾਰੇ ਸਰਕਾਰੀ, ਨਿੱਜੀ ਅਤੇ ਨਗਰ ਨਿਗਮ ਅਧੀਨ ਚੱਲ ਰਹੇ ਸਕੂਲਾਂ ਅਤੇ ਕਾਲਜਾਂ ਵਿੱਚ ਮੰਗਲਵਾਰ ਲਈ ਛੁੱਟੀ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪਹਿਲ ਦੇਂਦਿਆਂ ਇਹ ਫੈਸਲਾ ਲਿਆ ਗਿਆ ਹੈ।
ਪਾਣੀ ਭਰਨ, ਦਰੱਖਤ ਡਿੱਗਣ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ
ਸੋਮਵਾਰ ਤੋਂ ਜਾਰੀ ਲਗਾਤਾਰ ਬਾਰਿਸ਼ ਨੇ ਮੁੰਬਈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਕਈ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਦਰੱਖਤ ਉੱਖੜ ਗਏ ਅਤੇ ਕੁਝ ਥਾਵਾਂ ‘ਤੇ ਕੰਧਾਂ ਤੇ ਹੋਰਡਿੰਗ ਡਿੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਮੌਸਮ ਵਿਭਾਗ ਅਨੁਸਾਰ ‘ਆਰੇਂਜ ਅਲਰਟ’ ਦਾ ਅਰਥ ਹੈ ਕਿ ਮੌਸਮ ਖ਼ਤਰਨਾਕ ਰੂਪ ਧਾਰ ਸਕਦਾ ਹੈ, ਜਿਸ ਨਾਲ ਆਵਾਜਾਈ, ਬਿਜਲੀ ਸਪਲਾਈ ਅਤੇ ਰੋਜ਼ਾਨਾ ਦੇ ਕੰਮਕਾਜ ‘ਤੇ ਗੰਭੀਰ ਅਸਰ ਪੈ ਸਕਦਾ ਹੈ। ਇਹ ਚੇਤਾਵਨੀ ਪ੍ਰਣਾਲੀ ਦਾ ਤੀਜਾ ਪੱਧਰ ਹੈ, ਜੋ ‘ਯੈਲੋ ਅਲਰਟ’ ਤੋਂ ਉੱਪਰ ਅਤੇ ‘ਰੈੱਡ ਅਲਰਟ’ ਤੋਂ ਹੇਠਾਂ ਹੁੰਦਾ ਹੈ।
ਮੁੰਬਈ-ਪੁਣੇ ਐਕਸਪ੍ਰੈਸਵੇਅ ‘ਤੇ ਆਵਾਜਾਈ ਮੁੜ ਹੋਈ ਬਹਾਲ
ਭਾਰੀ ਮੀਂਹ ਕਾਰਨ ਮੁੰਬਈ-ਪੁਣੇ ਐਕਸਪ੍ਰੈਸਵੇਅ ਦੇ ‘ਮਿਸਿੰਗ ਲਿੰਕ’ ਬਾਈਪਾਸ ਦੇ ਮੁੰਬਈ ਵਾਲੇ ਹਿੱਸੇ ‘ਤੇ ਜ਼ਮੀਨ ਖਿਸਕਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਸੀ। ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ ਸੋਮਵਾਰ ਰਾਤ ਕਰੀਬ 10:10 ਵਜੇ ਇਸ ਰੂਟ ਨੂੰ ਮੁੜ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ। ਇਹ ਸੜਕ ਕਰੀਬ 18 ਘੰਟਿਆਂ ਤੋਂ ਵੱਧ ਸਮੇਂ ਤੱਕ ਬੰਦ ਰਹੀ।
ਪੁਣੇ ਵਿੱਚ ਜ਼ਮੀਨ ਖਿਸਕਣ ਕਾਰਨ ਚਾਰ ਮੌਤਾਂ, 500 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ
ਭਾਰੀ ਮੀਂਹ ਨੇ ਪੁਣੇ ਜ਼ਿਲ੍ਹੇ ਵਿੱਚ ਵੀ ਭਾਰੀ ਤਬਾਹੀ ਮਚਾਈ। ਜ਼ਮੀਨ ਖਿਸਕਣ ਅਤੇ ਕੰਧ ਡਿੱਗਣ ਦੀਆਂ ਘਟਨਾਵਾਂ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਮੀਂਹ ਨਾਲ ਸਬੰਧਤ ਵੱਖ-ਵੱਖ ਹਾਦਸਿਆਂ ਵਿੱਚ ਵਹਿ ਗਏ। ਹਾਲਾਤਾਂ ਨੂੰ ਦੇਖਦਿਆਂ ਪ੍ਰਸ਼ਾਸਨ ਨੇ 500 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਮਾਵਲ ਤਹਿਸੀਲ ਦੇ ਪਾਟਨ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਸਭ ਤੋਂ ਵੱਧ ਜਾਨੀ ਨੁਕਸਾਨ ਵਾਲੀ ਰਹੀ, ਜਿੱਥੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ।

