ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਡੋਨੇਸ਼ੀਆ ਦੌਰੇ ਦੇ ਦੂਜੇ ਦਿਨ ਮੰਗਲਵਾਰ ਨੂੰ ਕਈ ਮਹੱਤਵਪੂਰਨ ਪ੍ਰੋਗਰਾਮ ਤੈਅ ਹਨ। ਉਹ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨਾਲ ਦੁਵੱਲੀ ਮੀਟਿੰਗ ਕਰਨਗੇ, ਜਿਸ ਵਿੱਚ ਰੱਖਿਆ, ਵਪਾਰ ਅਤੇ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਹੋਵੇਗਾ। ਇਸ ਦੌਰਾਨ ਕਰੀਬ 2,500 ਕਰੋੜ ਰੁਪਏ ਦੇ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਸੌਦੇ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ।
ਪਹੁੰਚਣ ਤੇ ਰਾਸ਼ਟਰਪਤੀ ਨੇ ਕੀਤਾ ਨਿੱਘਾ ਸਵਾਗਤ
ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਇੰਡੋਨੇਸ਼ੀਆ ਪਹੁੰਚੇ ਸਨ, ਜਿੱਥੇ ਜਕਾਰਤਾ ਹਵਾਈ ਅੱਡੇ ‘ਤੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨੇ ਖੁਦ ਉਨ੍ਹਾਂ ਦਾ ਸਵਾਗਤ ਕੀਤਾ। ਦੋਵਾਂ ਨੇਤਾਵਾਂ ਦੀ ਮੁਲਾਕਾਤ ਨੂੰ ਭਾਰਤ-ਇੰਡੋਨੇਸ਼ੀਆ ਸੰਬੰਧਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ।
ਪ੍ਰੰਬਨਨ ਮੰਦਰ ਵਿਖੇ ਵੀ ਨਤਮਸਤਕ ਹੋਣਗੇ ਪ੍ਰਧਾਨ ਮੰਤਰੀ
ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਇੰਡੋਨੇਸ਼ੀਆ ਦੇ ਪ੍ਰਸਿੱਧ ਪ੍ਰੰਬਨਨ ਮੰਦਰ ਦਾ ਵੀ ਦੌਰਾ ਕਰਨਗੇ। ਨੌਵੀਂ ਸਦੀ ਵਿੱਚ ਬਣਿਆ ਇਹ ਇਤਿਹਾਸਕ ਮੰਦਰ ਭਗਵਾਨ ਸ਼ਿਵ, ਵਿਸ਼ਨੂੰ ਅਤੇ ਬ੍ਰਹਮਾ ਨੂੰ ਸਮਰਪਿਤ ਹੈ। ਇਸ ਦੀ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਨੂੰ ਦੇਖਦਿਆਂ ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਹੋਇਆ ਹੈ।
ਕਾਰੋਬਾਰੀਆਂ ਨਾਲ ਮੀਟਿੰਗ ਅਤੇ ਭਾਰਤੀ ਭਾਈਚਾਰੇ ਨੂੰ ਕਰਨਗੇ ਸੰਬੋਧਨ
ਪ੍ਰਧਾਨ ਮੰਤਰੀ ਆਪਣੇ ਦੌਰੇ ਦੌਰਾਨ ਇੰਡੋਨੇਸ਼ੀਆ ਦੇ ਪ੍ਰਮੁੱਖ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨਾਲ ਗੋਲਮੇਜ਼ ਬੈਠਕ ਵੀ ਕਰਨਗੇ। ਇਸ ਤੋਂ ਇਲਾਵਾ ਉਹ ਜਕਾਰਤਾ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਨੂੰ ਸੰਬੋਧਨ ਕਰਨਗੇ।
ਇੰਡੋਨੇਸ਼ੀਆ ਤੋਂ ਬਾਅਦ ਨਿਊਜ਼ੀਲੈਂਡ ਲਈ ਹੋਣਗੇ ਰਵਾਨਾ
ਇੰਡੋਨੇਸ਼ੀਆ ਵਿੱਚ ਤੈਅ ਪ੍ਰੋਗਰਾਮਾਂ ਦੀ ਸਮਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਗਲੇ ਵਿਦੇਸ਼ ਦੌਰੇ ਲਈ ਨਿਊਜ਼ੀਲੈਂਡ ਰਵਾਨਾ ਹੋਣਗੇ, ਜਿੱਥੇ ਉਨ੍ਹਾਂ ਦੇ ਕਈ ਕੂਟਨੀਤਿਕ ਅਤੇ ਦੁਵੱਲੇ ਪ੍ਰੋਗਰਾਮ ਹੋਣ ਦੀ ਉਮੀਦ ਹੈ।

