ਰਾਜਾ ਵੜਿੰਗ ਨੂੰ ਪ੍ਰਧਾਨ ਬਣਾਏ ਰੱਖਣ ਮਗਰੋਂ ਸਿਆਸੀ ਹਲਚਲ
ਚੰਡੀਗੜ੍ਹ :- ਪੰਜਾਬ ਕਾਂਗਰਸ ਵਿੱਚ ਸੂਬਾ ਪ੍ਰਧਾਨ ਦੀ ਕਮਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ ਹੀ ਰਹਿਣ ਤੋਂ ਬਾਅਦ ਪਾਰਟੀ ਅੰਦਰ ਚੱਲ ਰਹੀਆਂ ਅਸਹਿਮਤੀਆਂ ਦੀਆਂ ਚਰਚਾਵਾਂ ਅਜੇ ਠੰਢੀਆਂ ਨਹੀਂ ਪਈਆਂ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਾਲ ਹੀ ਵਿੱਚ ਮੋਰਿੰਡਾ ਵਿਖੇ ਸਮਰਥਕਾਂ ਦੀ ਮੀਟਿੰਗ ਕਰਕੇ ਆਪਣੀ ਸਿਆਸੀ ਤਾਕਤ ਦਾ ਅਹਿਸਾਸ ਕਰਵਾਇਆ ਗਿਆ ਸੀ, ਜਿਸ ਵਿੱਚ ਕਈ ਸੀਨੀਅਰ ਆਗੂ ਵੀ ਸ਼ਾਮਲ ਹੋਏ ਸਨ।
ਰੰਧਾਵਾ ਦੀ ਪੋਸਟ ਬਣੀ ਚਰਚਾ ਦਾ ਕੇਂਦਰ
ਇਸ ਦਰਮਿਆਨ ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੰਨੀ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਸੋਸ਼ਲ ਮੀਡੀਆ ‘ਤੇ ਲਿਖਿਆ, “ਏਕਤਾ ਹੀ ਤਾਕਤ ਹੈ।” ਰੰਧਾਵਾ ਦੀ ਇਹ ਪੋਸਟ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਦੇ ਅੰਦਰੂਨੀ ਸਮੀਕਰਨਾਂ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਨਵੀਆਂ ਚਰਚਾਵਾਂ ਛਿੜ ਗਈਆਂ ਹਨ।
ਕਈ ਸੀਨੀਅਰ ਆਗੂ ਵੀ ਆਏ ਇਕੱਠੇ ਨਜ਼ਰ
ਰੰਧਾਵਾ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਕਾਂਗਰਸ ਦੇ ਕਈ ਪ੍ਰਮੁੱਖ ਆਗੂ ਵੀ ਇੱਕ ਮੰਚ ‘ਤੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਰਜ਼ੀਆ ਸੁਲਤਾਨਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਪ੍ਰਗਟ ਸਿੰਘ ਸ਼ਾਮਲ ਹਨ। ਇਨ੍ਹਾਂ ਤਸਵੀਰਾਂ ਨੇ ਪਾਰਟੀ ਅੰਦਰ ਏਕਤਾ ਅਤੇ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਨਵੇਂ ਸੰਕੇਤ ਦਿੱਤੇ ਹਨ।
ਏਕਤਾ ਦਾ ਸੰਦੇਸ਼ ਜਾਂ ਸਿਆਸੀ ਸੰਕੇਤ?
ਸਿਆਸੀ ਹਲਕਿਆਂ ਵਿੱਚ ਇਸ ਪੋਸਟ ਨੂੰ ਸਿਰਫ਼ ਇੱਕ ਆਮ ਮੁਲਾਕਾਤ ਨਹੀਂ, ਸਗੋਂ ਪਾਰਟੀ ਅੰਦਰ ਚੱਲ ਰਹੀਆਂ ਚਰਚਾਵਾਂ ਦੇ ਸੰਦਰਭ ਵਿੱਚ ਇੱਕ ਮਹੱਤਵਪੂਰਨ ਸੰਦੇਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਹਾਲਾਂਕਿ ਕਾਂਗਰਸ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ, ਪਰ ਰੰਧਾਵਾ ਦੀ ਪੋਸਟ ਨੇ ਇਹ ਚਰਚਾ ਜ਼ਰੂਰ ਤੇਜ਼ ਕਰ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਦੀ ਸਿਆਸਤ ਨਵਾਂ ਰੁਖ ਅਖ਼ਤਿਆਰ ਕਰ ਸਕਦੀ ਹੈ।

