ਜੰਮੂ :- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਮਚ ਗਈ। ਇਸ ਘਟਨਾ ਤੋਂ ਬਾਅਦ ਜੰਮੂ-ਕਿਸ਼ਤਵਾੜ ਰਾਸ਼ਟਰੀ ਮਾਰਗ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਹੋ ਗਿਆ, ਜਦਕਿ ਕਈ ਵਾਹਨ ਮਲਬੇ ਵਿੱਚ ਫਸ ਗਏ। ਪਹਾੜੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਹਾਲਾਤ ਹੋਰ ਗੰਭੀਰ ਬਣਾ ਦਿੱਤੇ ਹਨ। ਕਈ ਥਾਵਾਂ ‘ਤੇ ਪਾਣੀ ਦਾ ਤੇਜ਼ ਵਹਾਅ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਪ੍ਰਸ਼ਾਸਨ ਨੇ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਅਧਿਕਾਰੀ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਲੋਕਾਂ ਨੂੰ ਬਿਨਾਂ ਲੋੜ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ।

