ਮਾਨਸਾ :- ਮਾਨਸਾ ਸ਼ਹਿਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਮਹਿਲਾ ਅਤੇ ਉਸ ਦੇ ਤਿੰਨ ਨਾਬਾਲਗ ਬੱਚੇ ਘਰ ਅੰਦਰ ਮ੍ਰਿਤ ਮਿਲੇ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਸਨਸਨੀ ਦਾ ਮਾਹੌਲ ਹੈ। ਸੂਚਨਾ ਮਿਲਦੇ ਹੀ ਥਾਣਾ ਸਿਟੀ-2 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪਤੀ ਦੀ ਚਾਰ ਸਾਲ ਪਹਿਲਾਂ ਹੋ ਚੁੱਕੀ ਸੀ ਮੌਤ
ਮੁੱਢਲੀ ਜਾਣਕਾਰੀ ਅਨੁਸਾਰ ਮਹਿਲਾ ਦਾ ਪਤੀ ਕਰੀਬ ਚਾਰ ਸਾਲ ਪਹਿਲਾਂ ਦਿਹਾਂਤ ਕਰ ਗਿਆ ਸੀ। ਇਸ ਤੋਂ ਬਾਅਦ ਉਹ ਆਪਣੀ ਸੱਸ ਅਤੇ ਤਿੰਨ ਬੱਚਿਆਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਪੁਲਿਸ ਦੀ ਸ਼ੁਰੂਆਤੀ ਜਾਂਚ ਅਨੁਸਾਰ ਮਹਿਲਾ ਨੇ ਆਪਣੇ ਤਿੰਨਾਂ ਬੱਚਿਆਂ ਦੀ ਜਾਨ ਲੈਣ ਤੋਂ ਬਾਅਦ ਖੁਦ ਵੀ ਫਾਹਾ ਲਗਾ ਕੇ ਜੀਵਨ ਸਮਾਪਤ ਕਰ ਲਿਆ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗੀ।
ਰਿਸ਼ਤੇਦਾਰ ਨੇ ਦਿੱਤੀ ਘਟਨਾ ਦੀ ਜਾਣਕਾਰੀ
ਮ੍ਰਿਤਕਾ ਦੇ ਰਿਸ਼ਤੇਦਾਰ ਰੋਸ਼ਨ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਉਸ ਵੇਲੇ ਲੱਗਾ, ਜਦੋਂ ਪਰਿਵਾਰ ਦਾ ਇੱਕ ਬੱਚਾ ਘਰ ਦੇ ਬਾਹਰ ਰੋਂਦਾ ਹੋਇਆ ਮਿਲਿਆ। ਇਸ ਤੋਂ ਬਾਅਦ ਉਹ ਘਰ ਅੰਦਰ ਗਏ, ਜਿੱਥੇ ਮਹਿਲਾ ਨੂੰ ਲਟਕਦੀ ਹਾਲਤ ਵਿੱਚ ਦੇਖਿਆ ਗਿਆ। ਉਨ੍ਹਾਂ ਨੇ ਤੁਰੰਤ ਉਸ ਨੂੰ ਹੇਠਾਂ ਉਤਾਰ ਕੇ ਪੁਲਿਸ ਨੂੰ ਸੂਚਿਤ ਕੀਤਾ।
ਤਿੰਨਾਂ ਬੱਚਿਆਂ ਦੀ ਹੋਈ ਪਛਾਣ
ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਬੱਚਿਆਂ ਦੀ ਪਛਾਣ ਮੋਟੋ ਕੌਰ (13), ਕਾਲੂ ਕੌਰ (8) ਅਤੇ ਡੇਢ ਸਾਲਾ ਵਿਸ਼ਵਾਸ ਵਜੋਂ ਹੋਈ ਹੈ। ਪੁਲਿਸ ਨੇ ਚਾਰਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜ਼ਹਿਰੀਲੀ ਵਸਤੂ ਦੇਣ ਦੇ ਸ਼ੱਕ ਦੀ ਵੀ ਜਾਂਚ
ਥਾਣਾ ਸਿਟੀ-2 ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਨੂੰ ਪਹਿਲਾਂ ਸੰਭਾਵਿਤ ਤੌਰ ‘ਤੇ ਕੋਈ ਜ਼ਹਿਰੀਲੀ ਵਸਤੂ ਦਿੱਤੀ ਗਈ ਹੋ ਸਕਦੀ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋਈ। ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਪੋਸਟਮਾਰਟਮ ਤੇ ਫੋਰੈਂਸਿਕ ਰਿਪੋਰਟਾਂ ਤੋਂ ਬਾਅਦ ਹੀ ਅਸਲ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆਵੇਗੀ।
ਪੁਲਿਸ ਨੇ ਜਾਂਚ ਕੀਤੀ ਤੇਜ਼
ਪੁਲਿਸ ਨੇ ਮਾਮਲੇ ਨਾਲ ਸੰਬੰਧਤ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

