ਚੰਡੀਗੜ੍ਹ :- ਜੁਲਾਈ ਮਹੀਨੇ ਦੇ ਪਹਿਲੇ ਦਿਨ ਹੀ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰ ਵਰਤਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇੱਕ ਜੁਲਾਈ ਤੋਂ 19 ਕਿਲੋਗ੍ਰਾਮ ਵਾਲੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਲਾਗੂ ਕਰ ਦਿੱਤੀ ਗਈ ਹੈ। ਇਸ ਸਾਲ ਦੌਰਾਨ ਪਹਿਲੀ ਵਾਰ ਇੰਨੀ ਵੱਡੀ ਕਮੀ ਦਰਜ ਕੀਤੀ ਗਈ ਹੈ। ਦੂਜੇ ਪਾਸੇ, 14.2 ਕਿਲੋਗ੍ਰਾਮ ਵਾਲੇ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਇਹ ਪਹਿਲਾਂ ਵਾਲੇ ਰੇਟਾਂ ‘ਤੇ ਹੀ ਮਿਲਣਗੇ।
ਕਈ ਸ਼ਹਿਰਾਂ ਵਿੱਚ 173 ਤੋਂ 183.50 ਰੁਪਏ ਤੱਕ ਦੀ ਕਮੀ
ਨਵੀਆਂ ਕੀਮਤਾਂ ਅਨੁਸਾਰ ਵੱਖ-ਵੱਖ ਸ਼ਹਿਰਾਂ ਵਿੱਚ ਵਪਾਰਕ ਐਲਪੀਜੀ ਸਿਲੰਡਰ 173 ਰੁਪਏ ਤੋਂ 183.50 ਰੁਪਏ ਤੱਕ ਸਸਤਾ ਹੋਇਆ ਹੈ। ਸਭ ਤੋਂ ਵੱਧ ਰਾਹਤ ਦਿੱਲੀ ਅਤੇ ਲਖਨਊ ਵਿੱਚ ਮਿਲੀ ਹੈ, ਜਿੱਥੇ 183.50 ਰੁਪਏ ਦੀ ਕਟੌਤੀ ਤੋਂ ਬਾਅਦ 19 ਕਿਲੋਗ੍ਰਾਮ ਵਾਲਾ ਸਿਲੰਡਰ ਹੁਣ 2,930 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ਤੋਂ ਪਹਿਲਾਂ ਇਸ ਦੀ ਕੀਮਤ 3,113.50 ਰੁਪਏ ਸੀ।
ਚੰਡੀਗੜ੍ਹ, ਕੋਲਕਾਤਾ ਅਤੇ ਪਟਨਾ ਵਿੱਚ ਵੀ ਘਟੇ ਰੇਟ
ਚੰਡੀਗੜ੍ਹ ਵਿੱਚ ਵਪਾਰਕ ਸਿਲੰਡਰ ਦੀ ਕੀਮਤ 181.50 ਰੁਪਏ ਘਟਣ ਤੋਂ ਬਾਅਦ 2,954.50 ਰੁਪਏ ਹੋ ਗਈ ਹੈ। ਕੋਲਕਾਤਾ ਵਿੱਚ 174 ਰੁਪਏ ਦੀ ਕਮੀ ਨਾਲ ਨਵਾਂ ਰੇਟ 3,081.50 ਰੁਪਏ ਨਿਰਧਾਰਤ ਕੀਤਾ ਗਿਆ ਹੈ, ਜਦਕਿ ਪਿਛਲੇ ਮਹੀਨੇ ਇਹ 3,255.50 ਰੁਪਏ ਸੀ। ਇਸੇ ਤਰ੍ਹਾਂ ਪਟਨਾ ਵਿੱਚ 173 ਰੁਪਏ ਦੀ ਕਟੌਤੀ ਤੋਂ ਬਾਅਦ ਵਪਾਰਕ ਸਿਲੰਡਰ ਹੁਣ 3,227 ਰੁਪਏ ਵਿੱਚ ਮਿਲੇਗਾ।
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ
ਆਮ ਘਰੇਲੂ ਖਪਤਕਾਰਾਂ ਲਈ ਇਸ ਵਾਰ ਕੋਈ ਰਾਹਤ ਨਹੀਂ ਦਿੱਤੀ ਗਈ। 14.2 ਕਿਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ। ਇਸ ਅਨੁਸਾਰ ਮੁੰਬਈ ਵਿੱਚ ਸਿਲੰਡਰ 941.50 ਰੁਪਏ, ਦਿੱਲੀ ਵਿੱਚ 942 ਰੁਪਏ, ਚੇਨਈ ਵਿੱਚ 957.50 ਰੁਪਏ ਅਤੇ ਕੋਲਕਾਤਾ ਵਿੱਚ 968 ਰੁਪਏ ਵਿੱਚ ਹੀ ਮਿਲੇਗਾ।
ਲਗਾਤਾਰ ਵਾਧਿਆਂ ਤੋਂ ਬਾਅਦ ਪਹਿਲੀ ਵੱਡੀ ਕਟੌਤੀ
ਪਿਛਲੇ ਕੁਝ ਮਹੀਨਿਆਂ ਦੌਰਾਨ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਸੀ। ਮਾਰਚ ਮਹੀਨੇ ਵਿੱਚ ਦੋ ਵਾਰ ਕੀਮਤਾਂ ਵਧਾਈਆਂ ਗਈਆਂ, ਜਿਸ ਤੋਂ ਬਾਅਦ ਮਈ ਵਿੱਚ ਰਿਕਾਰਡ ਵਾਧਾ ਕੀਤਾ ਗਿਆ ਅਤੇ ਜੂਨ ਦੀ ਸ਼ੁਰੂਆਤ ਵਿੱਚ ਵੀ ਰੇਟ ਵਧੇ ਸਨ। ਅਜਿਹੇ ਹਾਲਾਤਾਂ ਵਿੱਚ ਜੁਲਾਈ ਦੀ ਇਹ ਕਟੌਤੀ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ ਅਤੇ ਹੋਰ ਵਪਾਰਕ ਅਦਾਰਿਆਂ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦੇ ਸੰਚਾਲਨ ਖਰਚੇ ਵਿੱਚ ਕੁਝ ਕਮੀ ਆਉਣ ਦੀ ਉਮੀਦ ਹੈ।

