ਪਾਕਿਸਤਾਨ :- ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਘੱਟਗਿਣਤੀ ਸਿੱਖ ਭਾਈਚਾਰੇ ਦੀਆਂ ਇਤਿਹਾਸਕ ਧਾਰਮਿਕ ਵਿਰਾਸਤੀ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋਏ ਹਨ। ਤਾਜ਼ਾ ਮਾਮਲੇ ਵਿੱਚ ਫਾਰੂਕਾਬਾਦ (ਮੰਡੀ ਚੁਰਕਾਨਾ) ਵਿਖੇ ਸਥਿਤ ਕਰੀਬ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਇੱਕ ਹਿੱਸੇ ਨੂੰ ਕਥਿਤ ਤੌਰ ‘ਤੇ ਭੂ-ਮਾਫੀਆ ਵੱਲੋਂ ਢਾਹ ਦਿੱਤਾ ਗਿਆ। ਦੋਸ਼ ਲਗਾਏ ਜਾ ਰਹੇ ਹਨ ਕਿ ਇਸ ਕਾਰਵਾਈ ਦੌਰਾਨ ਸਥਾਨਕ ਪ੍ਰਸ਼ਾਸਨ ਦੀ ਵੀ ਮਿਲੀਭੁਗਤ ਰਹੀ। ਘਟਨਾ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਦੇ ਸਿੱਖ ਭਾਈਚਾਰੇ ਵਿੱਚ ਭਾਰੀ ਨਾਰਾਜ਼ਗੀ ਵੇਖਣ ਨੂੰ ਮਿਲੀ।
ਸਿੱਖ ਭਾਈਚਾਰੇ ਦੇ ਵਿਰੋਧ ਮਗਰੋਂ ਰੁਕਿਆ ਭੰਨਤੋੜ ਦਾ ਕੰਮ
ਘਟਨਾ ਦੀ ਸੂਚਨਾ ਮਿਲਦੇ ਹੀ ਸਿੱਖ ਭਾਈਚਾਰੇ ਦੇ ਨੁਮਾਇੰਦੇ ਅਤੇ ਸਥਾਨਕ ਲੋਕ ਮੌਕੇ ‘ਤੇ ਪਹੁੰਚੇ ਅਤੇ ਇਤਿਹਾਸਕ ਇਮਾਰਤ ਨਾਲ ਹੋ ਰਹੀ ਭੰਨਤੋੜ ਦਾ ਵਿਰੋਧ ਕੀਤਾ। ਉਨ੍ਹਾਂ ਦੇ ਤਿੱਖੇ ਇਤਰਾਜ਼ ਤੋਂ ਬਾਅਦ ਕਥਿਤ ਗੈਰ-ਕਾਨੂੰਨੀ ਉਸਾਰੀ ਅਤੇ ਤੋੜਫੋੜ ਦਾ ਕੰਮ ਰੋਕ ਦਿੱਤਾ ਗਿਆ।
ਸਿੱਖ ਆਗੂ ਨੇ ਸਰਕਾਰ ਦੀ ਚੁੱਪੀ ‘ਤੇ ਚੁੱਕੇ ਸਵਾਲ
ਨਨਕਾਣਾ ਸਾਹਿਬ ਨਾਲ ਸੰਬੰਧਤ ਸਿੱਖ ਪ੍ਰਤੀਨਿਧ ਭੁਪਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੇ ਸੰਦੇਸ਼ ਵਿੱਚ ਦਾਅਵਾ ਕੀਤਾ ਕਿ ਇਹ ਘਟਨਾ 24 ਅਤੇ 25 ਜੂਨ ਦੀ ਦਰਮਿਆਨੀ ਰਾਤ ਵਾਪਰੀ। ਉਨ੍ਹਾਂ ਕਿਹਾ ਕਿ ਇੰਨੀ ਗੰਭੀਰ ਘਟਨਾ ਦੇ ਬਾਵਜੂਦ ਨਾ ਤਾਂ ਕਿਸੇ ਸਰਕਾਰੀ ਵਿਭਾਗ ਨੇ ਕੋਈ ਅਧਿਕਾਰਕ ਬਿਆਨ ਜਾਰੀ ਕੀਤਾ ਅਤੇ ਨਾ ਹੀ ਪੁਲਿਸ ਵੱਲੋਂ ਤੁਰੰਤ ਕੋਈ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਪੰਜਾਬ (ਪਾਕਿਸਤਾਨ) ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਤੋਂ ਮਾਮਲੇ ਵਿੱਚ ਦਖ਼ਲ ਦੀ ਮੰਗ ਕੀਤੀ ਹੈ।
ਪ੍ਰਸ਼ਾਸਨ ਨੇ ਇਮਾਰਤ ਸੀਲ ਕਰਕੇ ਜਾਂਚ ਕੀਤੀ ਸ਼ੁਰੂ
ਸਿੱਖ ਭਾਈਚਾਰੇ ਦੇ ਵਿਰੋਧ ਤੋਂ ਬਾਅਦ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਗੁਰਦੁਆਰਾ ਇਮਾਰਤ ਨੂੰ ਸੀਲ ਕਰ ਦਿੱਤਾ ਅਤੇ ਉੱਥੇ ਹਰ ਕਿਸਮ ਦੀ ਉਸਾਰੀ ‘ਤੇ ਰੋਕ ਲਾ ਦਿੱਤੀ। ਇਹ ਇਤਿਹਾਸਕ ਗੁਰਦੁਆਰਾ ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ ਦੇ ਨਜ਼ਦੀਕ ਸਥਿਤ ਹੈ ਅਤੇ ਇਸ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਇਸ ਨੂੰ ਪਹਿਲਾਂ ਹੀ ਵਿਰਾਸਤੀ ਸਮਾਰਕ ਵਜੋਂ ਸੂਚੀਬੱਧ ਕੀਤਾ ਗਿਆ ਹੋਇਆ ਹੈ।
ਵੰਡ ਤੋਂ ਬਾਅਦ ਰਿਫਿਊਜੀਆਂ ਨੂੰ ਅਲਾਟ ਕੀਤੀ ਗਈ ਸੀ ਜਾਇਦਾਦ
ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਇਹ ਇਮਾਰਤ ਖਾਲੀ ਹੋ ਗਈ ਸੀ। ਸਾਲ 1960 ਵਿੱਚ ਪਾਕਿਸਤਾਨ ਸਰਕਾਰ ਨੇ ਇਸ ਜਾਇਦਾਦ ਨੂੰ ਭਾਰਤ ਤੋਂ ਗਏ ਸ਼ਰਨਾਰਥੀਆਂ ਨੂੰ ਰਹਿਣ ਲਈ ਅਲਾਟ ਕੀਤਾ ਸੀ, ਪਰ ਨਿਯਮਾਂ ਅਨੁਸਾਰ ਇਮਾਰਤ ਦੇ ਮੂਲ ਢਾਂਚੇ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਆਗਿਆ ਨਹੀਂ ਸੀ। ਹੁਣ ਦੋਸ਼ ਲਗਾਏ ਜਾ ਰਹੇ ਹਨ ਕਿ ਕੀਮਤੀ ਜ਼ਮੀਨ ‘ਤੇ ਕਬਜ਼ੇ ਦੀ ਨੀਅਤ ਨਾਲ ਵਿਰਾਸਤੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਗਿਆ।
ਪਹਿਲਾਂ ਵੀ ਹੋ ਚੁੱਕੀ ਹੈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼
ਸਥਾਨਕ ਸਿੱਖ ਕਾਰਕੁਨਾਂ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਵੀ ਇਸ ਗੁਰਦੁਆਰੇ ਦੇ ਮੁੱਖ ਗੁੰਬਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਸਨ। ਉਸ ਵੇਲੇ ਵੀ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਸੰਬੰਧਤ ਅਦਾਰਿਆਂ ਵੱਲੋਂ ਵਿਰਾਸਤੀ ਇਮਾਰਤ ਦੀ ਸੁਰੱਖਿਆ ਲਈ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਗਿਆ।
ਸਿੱਖ ਇਤਿਹਾਸ ਨਾਲ ਜੁੜਿਆ ਹੈ ਵਿਸ਼ੇਸ਼ ਮਹੱਤਵ
ਗੁਰਦੁਆਰਾ ਸ੍ਰੀ ਸਿੰਘ ਸਭਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਇੱਥੋਂ ਹੀ ਸਿੰਘ ਸਭਾ ਲਹਿਰ ਨੂੰ ਨਵੀਂ ਦਿਸ਼ਾ ਮਿਲੀ ਸੀ ਅਤੇ ਗੁਰਦੁਆਰਿਆਂ ਨੂੰ ਮਹੰਤ ਪ੍ਰਥਾ ਤੋਂ ਮੁਕਤ ਕਰਵਾਉਣ ਲਈ ਚਲਾਈ ਗਈ ਲਹਿਰ ਨੇ ਅੱਗੇ ਚੱਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਲਈ ਵੀ ਬੁਨਿਆਦ ਤਿਆਰ ਕੀਤੀ ਸੀ। ਇਸ ਕਾਰਨ ਇਸ ਇਤਿਹਾਸਕ ਇਮਾਰਤ ਨੂੰ ਹੋਏ ਨੁਕਸਾਨ ਨੂੰ ਸਿੱਖ ਵਿਰਾਸਤ ਲਈ ਗੰਭੀਰ ਝਟਕਾ ਮੰਨਿਆ ਜਾ ਰਿਹਾ ਹੈ।

