ਚੰਡੀਗੜ੍ਹ :- ਚੰਡੀਗੜ੍ਹ ਪ੍ਰਸ਼ਾਸਨ ਨੇ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਰਿਹਾਇਸ਼ੀ ਮਕਾਨਾਂ ਵਿੱਚ ਹੋਮਸਟੇ ਅਤੇ ਬੈੱਡ ਐਂਡ ਬ੍ਰੇਕਫਾਸਟ (ਬੀ ਐਂਡ ਬੀ) ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸਬੰਧੀ ਨਵੀਂ ਨੀਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਸਹੂਲਤ ਸਿਰਫ਼ ਇਕ ਕਨਾਲ ਜਾਂ ਇਸ ਤੋਂ ਵੱਡੇ ਰਕਬੇ ਵਾਲੇ ਮਕਾਨਾਂ ਲਈ ਹੀ ਲਾਗੂ ਹੋਵੇਗੀ। ਇਸ ਕਾਰਨ ਫਲੈਟਾਂ ਅਤੇ ਛੋਟੇ ਰਿਹਾਇਸ਼ੀ ਮਕਾਨਾਂ ਦੇ ਮਾਲਕ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ।
ਸੈਲਾਨੀਆਂ ਨੂੰ ਮਿਲੇਗਾ ਘਰੇਲੂ ਮਾਹੌਲ, ਮਾਲਕਾਂ ਲਈ ਬਣੇਗਾ ਆਮਦਨ ਦਾ ਸਾਧਨ
ਪ੍ਰਸ਼ਾਸਨ ਦਾ ਮੰਨਣਾ ਹੈ ਕਿ ਨਵੀਂ ਵਿਵਸਥਾ ਨਾਲ ਸ਼ਹਿਰ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਹੋਟਲਾਂ ਦੀ ਬਜਾਏ ਘਰੇਲੂ ਮਾਹੌਲ ਵਿੱਚ ਰਹਿਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਯੋਗ ਮਕਾਨ ਮਾਲਕਾਂ ਲਈ ਵਾਧੂ ਆਮਦਨ ਦਾ ਰਾਹ ਵੀ ਖੁੱਲ੍ਹੇਗਾ। ਨਵੀਂ ਨੀਤੀ ਨਾਲ ਹੋਟਲਾਂ ‘ਤੇ ਪੈਣ ਵਾਲਾ ਦਬਾਅ ਵੀ ਘਟਣ ਦੀ ਉਮੀਦ ਹੈ ਅਤੇ ਸੈਲਾਨੀ ਚੰਡੀਗੜ੍ਹ ਦੀ ਸਥਾਨਕ ਸੰਸਕ੍ਰਿਤੀ ਅਤੇ ਮਹਿਮਾਨ-ਨਿਵਾਜ਼ੀ ਦਾ ਨੇੜਿਓਂ ਅਨੁਭਵ ਕਰ ਸਕਣਗੇ।
ਇਨ੍ਹਾਂ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ ਲਾਜ਼ਮੀ
ਪ੍ਰਸ਼ਾਸਨ ਵੱਲੋਂ ਜਾਰੀ ਨਿਯਮਾਂ ਅਨੁਸਾਰ ਸਿਰਫ਼ 500 ਵਰਗ ਗਜ਼ ਜਾਂ ਇਸ ਤੋਂ ਵੱਧ ਰਕਬੇ ਵਾਲੀਆਂ ਰਿਹਾਇਸ਼ੀ ਜਾਇਦਾਦਾਂ ਹੀ ਇਸ ਯੋਜਨਾ ਲਈ ਯੋਗ ਹੋਣਗੀਆਂ। ਹੋਮਸਟੇ ਜਾਂ ਬੀ ਐਂਡ ਬੀ ਸ਼ੁਰੂ ਕਰਨ ਤੋਂ ਪਹਿਲਾਂ ਸੈਰ-ਸਪਾਟਾ ਵਿਭਾਗ ਦੀ ਨੀਤੀ ਅਧੀਨ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ। ਅਰਜ਼ੀ ਸਿਰਫ਼ ਜਾਇਦਾਦ ਦਾ ਮਾਲਕ ਹੀ ਦੇ ਸਕੇਗਾ ਅਤੇ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਤੇ ਐੱਨਓਸੀ ਪ੍ਰਾਪਤ ਕਰਨੀ ਵੀ ਜ਼ਰੂਰੀ ਹੋਵੇਗੀ। ਨੀਤੀ ਵਿੱਚ ਦਰਜ ਸਾਰੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਰੱਖਿਆ ਗਿਆ ਹੈ।
ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਹੋਮਸਟੇ ਚਲਾਉਣ ਦੌਰਾਨ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਜੇਕਰ ਕੋਈ ਮਾਲਕ ਨਿਯਮਾਂ ਦੀ ਉਲੰਘਣਾ ਕਰਦਾ ਹੈ, ਗਲਤ ਜਾਣਕਾਰੀ ਦਿੰਦਾ ਹੈ ਜਾਂ ਗੁਆਂਢੀਆਂ ਦੀਆਂ ਸ਼ਿਕਾਇਤਾਂ ਸਹੀ ਪਾਈਆਂ ਜਾਂਦੀਆਂ ਹਨ ਤਾਂ ਉਸ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ 5 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
ਘਰੇਲੂ ਦਰਾਂ ‘ਤੇ ਹੀ ਮਿਲਣਗੀਆਂ ਸਹੂਲਤਾਂ
ਨਵੀਂ ਨੀਤੀ ਤਹਿਤ ਮਨਜ਼ੂਰਸ਼ੁਦਾ ਹੋਮਸਟੇ ਨੂੰ ਵਪਾਰਕ ਇਕਾਈ ਨਹੀਂ ਮੰਨਿਆ ਜਾਵੇਗਾ। ਇਸ ਲਈ ਬਿਜਲੀ, ਪਾਣੀ ਅਤੇ ਪ੍ਰਾਪਰਟੀ ਟੈਕਸ ਦੀ ਵਸੂਲੀ ਘਰੇਲੂ ਦਰਾਂ ਅਨੁਸਾਰ ਹੀ ਕੀਤੀ ਜਾਵੇਗੀ, ਜਿਸ ਨਾਲ ਮਕਾਨ ਮਾਲਕਾਂ ਨੂੰ ਵਾਧੂ ਵਿੱਤੀ ਬੋਝ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

