ਚੰਡੀਗੜ੍ਹ :- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਜਸਟਿਸ ਮਹਾਬੀਰ ਸਿੰਘ ਸਿੰਧੂ ਦਾ ਐਤਵਾਰ ਤੜਕੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 59 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਹਾਈ ਕੋਰਟ ਪ੍ਰਸ਼ਾਸਨ ਅਨੁਸਾਰ ਉਨ੍ਹਾਂ ਨੇ ਤੜਕੇ ਕਰੀਬ 2:50 ਵਜੇ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 5 ਵਜੇ ਹਰਿਆਣਾ ਦੇ ਹਾਂਸੀ ਨੇੜਲੇ ਜੱਦੀ ਪਿੰਡ ਮਸੂਦਪੁਰ ਵਿੱਚ ਕੀਤਾ ਜਾਵੇਗਾ।
2017 ਵਿੱਚ ਬਣੇ ਹਾਈ ਕੋਰਟ ਦੇ ਜੱਜ
ਜਸਟਿਸ ਮਹਾਬੀਰ ਸਿੰਘ ਸਿੰਧੂ ਨੂੰ 10 ਜੁਲਾਈ 2017 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ 3 ਦਸੰਬਰ 2018 ਨੂੰ ਉਨ੍ਹਾਂ ਨੂੰ ਸਥਾਈ ਜੱਜ ਵਜੋਂ ਨਿਯੁਕਤੀ ਮਿਲੀ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਈ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਕਰਦਿਆਂ ਨਿਆਂਪਾਲਿਕਾ ਵਿੱਚ ਵਿਲੱਖਣ ਪਛਾਣ ਬਣਾਈ।
ਸਰਕਾਰੀ ਸਕੂਲ ਤੋਂ ਸ਼ੁਰੂ ਹੋਇਆ ਸਫ਼ਰ, ਮਿਹਨਤ ਨਾਲ ਹਾਸਲ ਕੀਤਾ ਉੱਚ ਅਹੁਦਾ
4 ਅਪਰੈਲ 1967 ਨੂੰ ਹਾਂਸੀ ਜ਼ਿਲ੍ਹੇ ਦੇ ਪਿੰਡ ਮਸੂਦਪੁਰ ਵਿੱਚ ਜਨਮੇ ਜਸਟਿਸ ਸਿੰਧੂ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਬਾਅਦ ਵਿੱਚ ਉਨ੍ਹਾਂ ਨੇ 1992 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਅਤੇ ਉਸੇ ਸਾਲ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਵਿੱਚ ਵਕੀਲ ਵਜੋਂ ਰਜਿਸਟਰ ਹੋਏ। ਆਪਣੇ ਪਰਿਵਾਰ ਵਿੱਚੋਂ ਉਹ ਵਕਾਲਤ ਦੇ ਖੇਤਰ ਵਿੱਚ ਆਉਣ ਵਾਲੇ ਪਹਿਲੇ ਵਿਅਕਤੀ ਸਨ।
ਲੰਬੇ ਸਮੇਂ ਤੱਕ ਕੀਤੀ ਪ੍ਰਭਾਵਸ਼ਾਲੀ ਵਕਾਲਤ
ਹਾਈ ਕੋਰਟ ਵਿੱਚ ਵਕਾਲਤ ਦੌਰਾਨ ਉਨ੍ਹਾਂ ਨੇ ਸਿਵਲ, ਫੌਜਦਾਰੀ, ਸੰਵਿਧਾਨਕ ਅਤੇ ਸੇਵਾ ਕਾਨੂੰਨ ਨਾਲ ਜੁੜੇ ਅਨੇਕਾਂ ਮਾਮਲਿਆਂ ਦੀ ਪੈਰਵੀ ਕੀਤੀ। ਇਸ ਤੋਂ ਇਲਾਵਾ ਹਰਿਆਣਾ ਲੋਕ ਸੇਵਾ ਕਮਿਸ਼ਨ, ਕੁਰੂਕਸ਼ੇਤਰ ਯੂਨੀਵਰਸਿਟੀ, ਇੰਡੀਅਨ ਰੈੱਡ ਕਰਾਸ ਸੋਸਾਇਟੀ, ਸਹਿਕਾਰੀ ਬੈਂਕਾਂ ਅਤੇ ਬੀ.ਐੱਸ.ਐੱਨ.ਐੱਲ. ਸਮੇਤ ਕਈ ਸਰਕਾਰੀ ਸੰਸਥਾਵਾਂ ਦੀ ਕਾਨੂੰਨੀ ਨੁਮਾਇੰਦਗੀ ਵੀ ਕੀਤੀ।
ਕਈ ਅਹਿਮ ਅਹੁਦਿਆਂ ‘ਤੇ ਨਿਭਾਈਆਂ ਜ਼ਿੰਮੇਵਾਰੀਆਂ
ਆਪਣੇ ਕਾਨੂੰਨੀ ਜੀਵਨ ਦੌਰਾਨ ਜਸਟਿਸ ਸਿੰਧੂ ਨੇ ਕੇਂਦਰ ਸਰਕਾਰ ਦੇ ਵਧੀਕ ਸਟੈਂਡਿੰਗ ਕੌਂਸਲ, ਚੰਡੀਗੜ੍ਹ ਪ੍ਰਸ਼ਾਸਨ ਦੇ ਵਧੀਕ ਸਰਕਾਰੀ ਪਲੀਡਰ, ਹਰਿਆਣਾ ਦੇ ਡਿਪਟੀ ਐਡਵੋਕੇਟ ਜਨਰਲ ਅਤੇ ਪੰਜਾਬ ਤੇ ਹਰਿਆਣਾ ਦੇ ਵਧੀਕ ਐਡਵੋਕੇਟ ਜਨਰਲ ਵਰਗੇ ਅਹਿਮ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ। ਸਾਲ 2013 ਵਿੱਚ ਉਨ੍ਹਾਂ ਨੇ ਮੁੜ ਨਿੱਜੀ ਵਕਾਲਤ ਸ਼ੁਰੂ ਕੀਤੀ ਅਤੇ 2016 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪੈਨਲ ਵਿੱਚ ਵੀ ਸ਼ਾਮਲ ਕੀਤੇ ਗਏ।
ਸਮਾਜਿਕ ਅਤੇ ਕਾਨੂੰਨੀ ਖੇਤਰ ਵਿੱਚ ਵੀ ਰਿਹਾ ਯੋਗਦਾਨ
ਜਸਟਿਸ ਸਿੰਧੂ ਇੰਟਰਨੈਸ਼ਨਲ ਲਾਅ ਐਸੋਸੀਏਸ਼ਨ (ਇੰਡੀਆ) ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਦਿਵਿਆਂਗ ਵਿਅਕਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਭਲਾਈ ਨਾਲ ਸਬੰਧਤ ਰਾਜ ਕਾਰਜਕਾਰੀ ਕਮੇਟੀ ਵਿੱਚ ਵੀ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ।
ਕਾਨੂੰਨੀ ਭਾਈਚਾਰੇ ਨੇ ਪ੍ਰਗਟਾਇਆ ਡੂੰਘਾ ਦੁੱਖ
ਜਸਟਿਸ ਮਹਾਬੀਰ ਸਿੰਘ ਸਿੰਧੂ ਦੇ ਅਚਾਨਕ ਦੇਹਾਂਤ ਨਾਲ ਕਾਨੂੰਨੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਹਾਈ ਕੋਰਟ ਦੇ ਜੱਜਾਂ, ਵਕੀਲਾਂ ਅਤੇ ਬਾਰ ਐਸੋਸੀਏਸ਼ਨਾਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਨਿਆਂਪਾਲਿਕਾ ਲਈ ਵੱਡਾ ਘਾਟਾ ਕਰਾਰ ਦਿੱਤਾ।

