Homeਸਰਕਾਰੀ ਖ਼ਬਰਾਂਮੁੱਖ ਮੰਤਰੀ ਭਗਵੰਤ ਮਾਨ ਨੇ ਫਰਜ਼ੀ ਵੀਡੀਓ ਦਾ ਕੀਤਾ ਪਰਦਾਫਾਸ਼, ਕਿਹਾ- ਦੋਸ਼ੀ...

ਮੁੱਖ ਮੰਤਰੀ ਭਗਵੰਤ ਮਾਨ ਨੇ ਫਰਜ਼ੀ ਵੀਡੀਓ ਦਾ ਕੀਤਾ ਪਰਦਾਫਾਸ਼, ਕਿਹਾ- ਦੋਸ਼ੀ ਜਲਦ ਹੋਣਗੇ ਬੇਨਕਾਬ

WhatsApp Group Join Now
WhatsApp Channel Join Now

ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਬੂਤ ਪੇਸ਼ ਕਰਕੇ ਧਾਰਮਿਕ ਆਧਾਰ ‘ਤੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਇੱਕ ਫਰਜ਼ੀ ਵੀਡੀਓ ਪਿੱਛੇ ਰਚੀ ਗਈ ਸਾਜ਼ਿਸ਼ ਨੂੰ ਬੇਨਕਾਬ ਕੀਤਾ। ਮੀਡੀਆ ਸਾਹਮਣੇ ਵੀਡੀਓਜ਼ ਅਤੇ ਹੋਰ ਸਮੱਗਰੀ ਦਿਖਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨਾਲ ਮਿਲਦਾ-ਜੁਲਦਾ ਮਾਸਕ (ਮੁਖੌਟਾ) ਤਿਆਰ ਕਰਵਾਇਆ ਗਿਆ ਸੀ ਅਤੇ ਉਸ ਦੀ ਵਰਤੋਂ ਇਸ ਫਰਜ਼ੀ ਵੀਡੀਓ ਨੂੰ ਬਣਾਉਣ ਲਈ ਕੀਤੀ ਗਈ ਸੀ। ਉਨ੍ਹਾਂ ਨੇ ਕੈਨੇਡਾ ਰਹਿੰਦੇ ਜਗਮਨ ਸਮਰਾ ਦੀ ਪਛਾਣ ਉਸ ਵਿਅਕਤੀ ਵਜੋਂ ਕੀਤੀ, ਜਿਸ ਬਾਰੇ ਉਨ੍ਹਾਂ ਕਿਹਾ ਕਿ ਉਸ ਨੇ ਮਾਸਕ ਦੀ ਵਰਤੋਂ ਕਰਕੇ ਵੀਡੀਓ ਸ਼ੂਟ ਕੀਤੀ ਸੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਫਰਜ਼ੀ ਵੀਡੀਓ ਕੈਨੇਡਾ ਦੇ ਇਕ ਹੋਟਲ ਵਿੱਚ ਫਿਲਮਾਈ ਗਈ ਸੀ, ਜਦੋਂ ਕਿ ਉਹ 2016 ਤੋਂ ਬਾਅਦ ਉਸ ਦੇਸ਼ ਵਿੱਚ ਨਹੀਂ ਗਏ। ਉਨ੍ਹਾਂ ਅੱਗੇ ਕਿਹਾ ਕਿ ਇਹ ਮਾਸਕ ਇਕ ਕਾਰ ਵਿੱਚ ਜਗਮਨ ਸਮਰਾ ਨੂੰ ਡਿਲੀਵਰ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਸਮਰਾ ਇਸ ਨੂੰ ਹੱਥ ਵਿੱਚ ਫੜੀ ਸਾਫ਼ ਦਿਖਾਈ ਦੇ ਰਿਹਾ ਸੀ। ਮੁੱਖ ਮੰਤਰੀ ਨੇ ਇਹ ਵੀ ਨੁਕਤਾ ਚੁੱਕਿਆ ਕਿ ਵੀਡੀਓ ਵਿੱਚ ਮਾਸਕ ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਉਨ੍ਹਾਂ ਦੀ ਗਰਦਨ ਦੇ ਅਪ੍ਰੇਸ਼ਨ ਦਾ ਨਿਸ਼ਾਨ ਗਾਇਬ ਹੈ। ਮੁੱਖ ਮੰਤਰੀ ਨੇ ਕਿਹਾ ਕਿ ਫਰਜ਼ੀ ਵੀਡੀਓ ਬਣਾਉਣ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਪੜਤਾਲ ਤੋਂ ਬਾਅਦ ਉਨ੍ਹਾਂ ਨੂੰ ਬੇਨਕਾਬ ਕੀਤਾ ਜਾਵੇਗਾ।

ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ”ਪਿਛਲੇ ਕਈ ਦਿਨਾਂ ਤੋਂ ਮੇਰੀ ਇਕ ਫਰਜ਼ੀ ਅਤੇ ਮਨਘੜਤ ਵੀਡੀਓ ਵਾਰ-ਵਾਰ ਵਾਇਰਲ ਕੀਤੀ ਜਾ ਰਹੀ ਹੈ। ਇਸ ਤੋਂ ਸਿਰਫ਼ ਸਿਆਸੀ ਲਾਹਾ ਲੈਣ ਲਈ ਧਾਰਮਿਕ ਆਦੇਸ਼ ਵੀ ਜਾਰੀ ਕਰਵਾਏ ਗਏ। ਸਿਆਸੀ ਆਕਾ ਧਾਰਮਿਕ ਪਦਵੀਆਂ ‘ਤੇ ਬੈਠੇ ਲੋਕਾਂ ਦੀ ਵਰਤੋਂ ਆਪਣੇ ਫਾਇਦੇ ਅਨੁਸਾਰ ਐਲਾਨ ਕਰਵਾਉਣ ਲਈ ਕਰ ਰਹੇ ਹਨ ਤਾਂ ਜੋ ਮੈਨੂੰ ਧਾਰਮਿਕ ਤੌਰ ‘ਤੇ ਬਦਨਾਮ ਕੀਤਾ ਜਾ ਸਕੇ ਕਿਉਂਕਿ ਉਹ ਸਿਆਸੀ ਤੌਰ ‘ਤੇ ਮੇਰਾ ਮੁਕਾਬਲਾ ਨਹੀਂ ਕਰ ਸਕਦੇ। ਉਹ ਜ਼ਮੀਨੀ ਪੱਧਰ ‘ਤੇ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੇ ਹਨ ਅਤੇ ਹੁਣ ਮੈਨੂੰ ਧਾਰਮਿਕ ਤੌਰ ‘ਤੇ ਬਦਨਾਮ ਕਰਨ ਲਈ ਰੋਜ਼ਾਨਾ ਇੱਕ ਤੋਂ ਬਾਅਦ ਇੱਕ ਹੁਕਮ ਜਾਰੀ ਕਰਨ ‘ਤੇ ਉੱਤਰ ਆਏ ਹਨ।”

ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜਦੋਂ ਮੈਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਬੁਲਾਇਆ ਗਿਆ ਸੀ, ਮੈਂ ਉੱਥੇ ਇੱਕ ਨਿਮਾਣੇ ਸਿੱਖ ਵਜੋਂ ਗਿਆ ਸੀ। ਅੱਜ ਵੀ ਜੇਕਰ ਮੈਨੂੰ ਬੁਲਾਇਆ ਗਿਆ ਤਾਂ ਮੈਂ ਬਿਨਾਂ ਕਿਸੇ ਝਿਜਕ ਦੇ ਪੇਸ਼ ਹੋਵਾਂਗਾ। ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਕਦੇ ਵੀ ਚੁਣੌਤੀ ਨਹੀਂ ਦੇ ਸਕਦਾ ਅਤੇ ਨਾ ਹੀ ਅਜਿਹਾ ਕਰਨ ਦੀ ਮੇਰੀ ਹੈਸੀਅਤ ਹੈ।”
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੀ ਕਾਰਵਾਈ ਦੀ ਜਾਰੀ ਕੀਤੀ ਗਈ ਵੀਡੀਓ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, “ਮੈਂ ਬੇਨਤੀ ਕੀਤੀ ਸੀ ਕਿ ਇਸ ਕਾਰਵਾਈ ਦਾ ਲਾਈਵ ਪ੍ਰਸਾਰਣ ਕੀਤਾ ਜਾਵੇ, ਪਰ ਮੈਨੂੰ ਦੱਸਿਆ ਗਿਆ ਕਿ ਪੰਜ ਸਿੰਘ ਸਾਹਿਬਾਨ ਲਈ ਸਿਰਫ ਇੱਕ ਰਿਕਾਰਡਿੰਗ ਰੱਖੀ ਜਾਵੇਗੀ। ਹੁਣ ਉਸ ਰਿਕਾਰਡਿੰਗ ਨੂੰ ਵੀ ਐਡਿਟ ਕਰਕੇ ਚੋਣਵੇਂ ਰੂਪ ਵਿੱਚ ਜਾਰੀ ਕੀਤਾ ਜਾ ਰਿਹਾ ਹੈ। ਉਸ ਰਿਕਾਰਡਿੰਗ ਵਿੱਚ ਵੀ ਮੈਂ ਇਹੋ ਕਹਿ ਰਿਹਾ ਹਾਂ ਕਿ ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਵਿਅਕਤੀ ਮੈਂ ਨਹੀਂ ਹਾਂ। ਕੋਈ ਵੀ ਇਸ ਦੀ ਜਾਂਚ ਕਰਵਾ ਸਕਦਾ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਕੱਲ੍ਹ ਕਾਂਗਰਸ ਨੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਭਗਵੰਤ ਮਾਨ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ ਦੋਸ਼ ਲਾਏ ਗਏ ਸਨ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦਿੱਤੀ ਹੈ। ਉਹੀ ਕਾਂਗਰਸ, ਜਿਸ ਨੇ 1984 ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਅਤੇ ਟੈਂਕ ਤੇ ਗੋਲੇ ਚਲਾਏ, ਹੁਣ ਉਹ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੇ ਪਵਿੱਤਰਤਾ ਦੀ ਰਾਖੀ ਕਰੇਗੀ।”

ਵੀਡੀਓ ਦੀ ਫ੍ਰੇਮ-ਦਰ-ਫ੍ਰੇਮ (ਇੱਕ-ਇੱਕ ਪਲ ਦੀ) ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਾਸਕ (ਮੁਖੌਟਾ) ਸਾਫ਼ ਦਿਖਾਈ ਦੇ ਰਿਹਾ ਹੈ। ਜਿੱਥੇ ਮਾਸਕ ਖ਼ਤਮ ਹੁੰਦਾ ਹੈ, ਉੱਥੇ ਇੱਕ ਸਾਫ਼ ਲਾਈਨ ਦੇਖੀ ਜਾ ਸਕਦੀ ਹੈ। ਉਸ ਵਿਅਕਤੀ ਦੀ ਠੋਡੀ ਬਿਲਕੁਲ ਸਾਫ਼ ਹੈ, ਜਦੋਂ ਕਿ ਮੇਰੀ ਠੋਡੀ ‘ਤੇ ਪੰਜ ਸਾਲ ਦੀ ਉਮਰ ਤੋਂ ਸਰਜਰੀ ਦਾ ਇੱਕ ਪੱਕਾ ਨਿਸ਼ਾਨ ਹੈ। ਉਹ ਨਿਸ਼ਾਨ ਮੇਰੀਆਂ ਪੁਰਾਣੀਆਂ ਵੀਡੀਓਜ਼ ਵਿੱਚ ਵੀ ਨਜ਼ਰ ਆਉਂਦਾ ਹੈ, ਜਿਨ੍ਹਾਂ ਵਿੱਚ ਮੇਰੀਆਂ ਸ਼ੁਰੂਆਤੀ ਕਾਮੇਡੀ ਵੀਡੀਓਜ਼ ਵੀ ਸ਼ਾਮਲ ਹਨ। ਜਿਨ੍ਹਾਂ ਨੇ ਇਹ ਫਰਜ਼ੀ ਵੀਡੀਓ ਬਣਾਈ ਹੈ, ਉਹ ਇਸ ਨਿਸ਼ਾਨ ਨੂੰ ਦੁਬਾਰਾ ਬਣਾਉਣਾ ਭੁੱਲ ਗਏ।”

ਉਨ੍ਹਾਂ ਅੱਗੇ ਕਿਹਾ, “ਗਰਦਨ ਦੀ ਲਾਈਨ, ਕੰਨ, ਚਿਹਰੇ ਦੀ ਬਣਾਵਟ ਅਤੇ ਚਮੜੀ ਦਾ ਰੰਗ ਵੀ ਸਾਫ਼ ਦਿਖਾਉਂਦੇ ਹਨ ਕਿ ਕਿਸੇ ਵਿਅਕਤੀ ਦੇ ਚਿਹਰੇ ‘ਤੇ ਮਾਸਕ ਲਾਇਆ ਗਿਆ ਹੈ। ਗਰਦਨ ਦੀ ਹਰਕਤ ਵੀ ਮਾਸਕ ਕਾਰਨ ਬਣਨ ਵਾਲੀਆਂ ਤੈਹਾਂ (ਵੱਟਾਂ) ਨੂੰ ਉਜਾਗਰ ਕਰਦੀ ਹੈ। ਮਾਸਕ ਰਾਹੀਂ ਅੱਖਾਂ ਨੂੰ ਉਸੇ ਤਰ੍ਹਾਂ ਨਹੀਂ ਦਿਖਾਇਆ ਜਾ ਸਕਦਾ ਸੀ, ਇਸੇ ਕਰਕੇ ਉਨ੍ਹਾਂ ਨੂੰ ਲੁਕਾਉਣ ਲਈ ਕਾਲੀਆਂ ਐਨਕਾਂ ਦੀ ਵਰਤੋਂ ਕੀਤੀ ਗਈ ਹੈ। ਕੋਈ ਵੀ ਵੀਡੀਓ ਨੂੰ ਜ਼ੂਮ ਕਰਕੇ ਇਨ੍ਹਾਂ ਵੇਰਵਿਆਂ ਦੀ ਪੁਸ਼ਟੀ ਕਰ ਸਕਦਾ ਹੈ।”
ਉਨ੍ਹਾਂ ਕਿਹਾ, “ਇਹ ਮਾਸਕ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾ ਕੇ ਮੰਗਵਾਇਆ ਗਿਆ ਸੀ। ਜਿਸ ਦਿਨ ਇਸ ਦੀ ਡਿਲੀਵਰੀ ਹੋਈ, ਕੈਨੇਡਾ ਸਥਿਤ ਬਲੈਕਮੇਲਰ ਜਗਮਨ ਸਮਰਾ ਨੇ ਮਾਸਕ ਨੂੰ ਆਪਣੇ ਹੱਥ ‘ਤੇ ਰੱਖ ਕੇ ਆਪਣੀ ਕਾਰ ਦੇ ਅੰਦਰ ਇੱਕ ਵੀਡੀਓ ਰਿਕਾਰਡ ਕੀਤੀ। ਉਸ ਨੇ ਮਾਸਕ ਦਿਖਾਉਂਦੇ ਹੋਏ ਤਸਵੀਰਾਂ ਵੀ ਖਿੱਚੀਆਂ ਅਤੇ ਸਮਝਾਇਆ ਕਿ ਇਹ ਕਿਸੇ ਦੂਜੇ ਵਿਅਕਤੀ ਦੇ ਚਿਹਰੇ ‘ਤੇ ਕਿਵੇਂ ਫਿੱਟ ਬੈਠਦਾ ਹੈ।

ਉਨ੍ਹਾਂ ਅੱਗੇ ਕਿਹਾ, “ਇਸ ਮਾਮਲੇ ਵਿੱਚ ਪਹਿਲਾਂ ਹੀ ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ। ਅੱਜ ਜੋ ਸਬੂਤ ਅਸੀਂ ਪੇਸ਼ ਕੀਤੇ ਹਨ, ਉਹ ਪੁਲਿਸ ਹਵਾਲੇ ਵੀ ਕੀਤੇ ਜਾਣਗੇ। ਅਸੀਂ ਇੰਟਰਪੋਲ ਰਾਹੀਂ ਇਸ ਵਿਅਕਤੀ ਨੂੰ ਵਾਪਸ ਲਿਆਉਣ ਦਾ ਅਮਲ ਸ਼ੁਰੂ ਕਰਾਂਗੇ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮਾਮਲੇ ਨੂੰ ਪੰਜਾਬ ਵਿਧਾਨ ਸਭਾ ਦੀ ਕਮੇਟੀ ਕੋਲ ਵੀ ਉਠਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜਗਮਨ ਸਮਰਾ ਨੇ ਇਸ ਤੋਂ ਪਹਿਲਾਂ ਇੱਕ ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਦੇ ਪੁੱਤਰ ਨੂੰ ਬਲੈਕਮੇਲ ਕਰਕੇ ਮੋਟੀ ਰਕਮ ਦੀ ਮੰਗ ਕੀਤੀ ਸੀ ਅਤੇ ਕਿਸਾਨ ਅੰਦੋਲਨ ਦੌਰਾਨ ਆਗੂਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਜਿਹੀਆਂ ਫਰਜ਼ੀ ਵੀਡੀਓਜ਼ ਹਮੇਸ਼ਾ ਚੋਣਾਂ ਦੇ ਦਿਨਾਂ ਵਿੱਚ ਸਾਹਮਣੇ ਆਉਂਦੀਆਂ ਹਨ। ਪਿਛਲੀਆਂ ਚੋਣਾਂ ਦੌਰਾਨ ਵੀ ਮਨਘੜਤ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੈਂ ਸ਼ਰਾਬ ਪੀਤੀ ਸੀ, ਡਿੱਗ ਰਿਹਾ ਸੀ, ਜਾਂ ਬਰਗਰ ਵੀ ਨਹੀਂ ਖਾ ਪਾ ਰਿਹਾ ਸੀ। ਇਹ ਚੋਣਾਂ ਵੇਲੇ ਦੇ ਹਥਿਆਰ ਹਨ ਕਿਉਂਕਿ ਮੇਰੇ ਵਿਰੋਧੀਆਂ ਕੋਲ ਪੇਸ਼ ਕਰਨ ਲਈ ਹੋਰ ਕੁਝ ਨਹੀਂ ਹੈ।”

ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। 

ਤਾਜ਼ਾ ਖਬਰਾਂ

LEAVE A REPLY

Please enter your comment!
Please enter your name here

Most Popular

Lifestyle