ਜਲੰਧਰ :- ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਜਲੰਧਰ ਦੀ ਸਕੂਟਰ ਮਾਰਕੀਟ 25 ਤੋਂ 28 ਜੂਨ ਤੱਕ ਪੂਰੀ ਤਰ੍ਹਾਂ ਬੰਦ ਰਹੇਗੀ। ਇਹ ਫ਼ੈਸਲਾ ਜਲੰਧਰ ਟੂ-ਵ੍ਹੀਲਰ ਡੀਲਰਜ਼ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਲਿਆ ਗਿਆ, ਜਿਸ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪ੍ਰਦੇਸੀ ਨੇ ਕੀਤੀ। ਮੀਟਿੰਗ ਵਿੱਚ ਵਪਾਰ ਨਾਲ ਸਬੰਧਤ ਹੋਰ ਕਈ ਅਹਿਮ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਪ੍ਰਧਾਨ ਤਜਿੰਦਰ ਸਿੰਘ ਪ੍ਰਦੇਸੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਰਕੀਟ ਦੇ ਸਮੂਹ ਡੀਲਰਾਂ ਵੱਲੋਂ ਸਾਂਝੇ ਤੌਰ ’ਤੇ ਇਹ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੋਪਹੀਆ ਵਾਹਨ ਖਰੀਦਣ ਜਾਂ ਵੇਚਣ ਵਾਲੇ ਗਾਹਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੰਮ 25 ਜੂਨ ਤੋਂ ਪਹਿਲਾਂ ਜਾਂ 28 ਜੂਨ ਤੋਂ ਬਾਅਦ ਕਰਵਾਉਣ, ਤਾਂ ਜੋ ਬੰਦ ਦੌਰਾਨ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
29 ਜੂਨ ਤੋਂ ਮੁੜ ਰੌਣਕਾਂ ਨਾਲ ਖੁੱਲ੍ਹੇਗੀ ਮਾਰਕੀਟ
ਪ੍ਰਦੇਸੀ ਨੇ ਦੱਸਿਆ ਕਿ ਚਾਰ ਦਿਨਾਂ ਦੇ ਵਿਸ਼ਰਾਮ ਮਗਰੋਂ 29 ਜੂਨ ਤੋਂ ਸਕੂਟਰ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਆਮ ਦਿਨਾਂ ਵਾਂਗ ਖੁੱਲ੍ਹ ਜਾਣਗੀਆਂ ਅਤੇ ਕਾਰੋਬਾਰੀ ਗਤੀਵਿਧੀਆਂ ਮੁੜ ਸ਼ੁਰੂ ਹੋ ਜਾਣਗੀਆਂ।ਮੀਟਿੰਗ ਦੌਰਾਨ ਹਰਪ੍ਰੀਤ ਸਿੰਘ ਨੀਟੂ, ਮਨਦੀਪ ਸਿੰਘ ਬੱਲੂ, ਮਨਪ੍ਰੀਤ ਸਿੰਘ ਬਿੰਦਰਾ, ਅਰਵਿੰਦ ਕੁਮਾਰ, ਅਮਲੇਸ਼ ਕੁਮਾਰ, ਸੁਰੇਸ਼ ਕੁਮਾਰ ਕਾਲਰਾ ਅਤੇ ਰਾਘਵ ਸਮੇਤ ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

