94 ਭਾਰਤੀ ਮਲਾਹਾਂ ਸਮੇਤ 8.6 ਲੱਖ ਟਨ ਤੋਂ ਵੱਧ ਕੱਚਾ ਤੇਲ ਲੈ ਕੇ ਆ ਰਹੇ ਜਹਾਜ਼; ਕੇਂਦਰ ਨੇ ਊਰਜਾ ਸਪਲਾਈ ਨੂੰ ਸੁਰੱਖਿਅਤ ਦੱਸਿਆ
ਨਵੀਂ ਦਿੱਲੀ :- ਪੱਛਮੀ ਏਸ਼ੀਆ ਵਿੱਚ ਬਣੇ ਤਣਾਅਪੂਰਨ ਹਾਲਾਤਾਂ ਦਰਮਿਆਨ ਭਾਰਤ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਝੰਡੇ ਵਾਲੇ ਤਿੰਨ ਕੱਚੇ ਤੇਲ ਦੇ ਟੈਂਕਰ ਸੁਰੱਖਿਅਤ ਢੰਗ ਨਾਲ ਹੋਰਮੁਜ਼ ਜਲਡਮਰੂ ਪਾਰ ਕਰਕੇ ਦੇਸ਼ ਵੱਲ ਰਵਾਨਾ ਹੋ ਚੁੱਕੇ ਹਨ। ਇਨ੍ਹਾਂ ਜਹਾਜ਼ਾਂ ਰਾਹੀਂ 8.6 ਲੱਖ ਟਨ ਤੋਂ ਵੱਧ ਕੱਚਾ ਤੇਲ ਭਾਰਤ ਲਿਆਂਦਾ ਜਾ ਰਿਹਾ ਹੈ, ਜਦਕਿ ਇਨ੍ਹਾਂ ‘ਤੇ 94 ਭਾਰਤੀ ਮਲਾਹ ਤਾਇਨਾਤ ਹਨ।
ਵੱਖ-ਵੱਖ ਬੰਦਰਗਾਹਾਂ ’ਤੇ ਪਹੁੰਚਣਗੇ ਟੈਂਕਰ
ਮੰਤਰੀ ਅਨੁਸਾਰ ‘ਦੇਸ਼ ਵੈਭਵ’, ‘ਦੇਸ਼ ਵਿਭੋਰ’ ਅਤੇ ‘ਸਨਮਾਰ ਹੇਰਾਲਡ’ ਨਾਮਕ ਟੈਂਕਰ 24 ਜੂਨ ਤੋਂ 1 ਜੁਲਾਈ ਦੇ ਵਿਚਕਾਰ ਭਾਰਤੀ ਬੰਦਰਗਾਹਾਂ ’ਤੇ ਪਹੁੰਚਣਗੇ। ‘ਦੇਸ਼ ਵੈਭਵ’ ਦੇ ਗੁਜਰਾਤ ਦੇ ਵਾਡੀਨਾਰ ਬੰਦਰਗਾਹ ਅਤੇ ‘ਦੇਸ਼ ਵਿਭੋਰ’ ਦੇ ਸਿੱਕਾ ਬੰਦਰਗਾਹ ’ਤੇ 24 ਜੂਨ ਨੂੰ ਪਹੁੰਚਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ‘ਸਨਮਾਰ ਹੇਰਾਲਡ’ ਦੇ 1 ਜੁਲਾਈ ਨੂੰ ਪਾਰਾਦੀਪ ਬੰਦਰਗਾਹ ’ਤੇ ਪਹੁੰਚਣ ਦੀ ਉਮੀਦ ਜਤਾਈ ਗਈ ਹੈ।
ਸਮੁੰਦਰੀ ਸੁਰੱਖਿਆ ’ਤੇ ਸਰਕਾਰ ਦੀ ਪੂਰੀ ਨਜ਼ਰ
ਸੋਨੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਅਤੇ ਦੇਸ਼ ਦੀ ਊਰਜਾ ਲੋੜਾਂ ਨੂੰ ਨਿਰਵਿਘਨ ਬਣਾਈ ਰੱਖਣ ਲਈ ਲਗਾਤਾਰ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਏਜੰਸੀਆਂ ਨਾਲ ਮਿਲ ਕੇ ਭਾਰਤੀ ਮਲਾਹਾਂ ਅਤੇ ਤੇਲ ਸਪਲਾਈ ਲੜੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ।
ਇੰਧਨ ਕੀਮਤਾਂ ’ਤੇ ਵੀ ਪੈ ਸਕਦਾ ਹੈ ਅਸਰ
ਇਸ ਦਰਮਿਆਨ ਊਰਜਾ ਖੇਤਰ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਰਿਫਾਇਨਰੀਆਂ ਨੂੰ ਲਗਾਤਾਰ ਕੱਚੇ ਤੇਲ ਦੀ ਸਪਲਾਈ ਮਿਲਦੀ ਰਹੀ ਤਾਂ ਭਵਿੱਖ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਵੀ ਸਕਾਰਾਤਮਕ ਅਸਰ ਵੇਖਣ ਨੂੰ ਮਿਲ ਸਕਦਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਰੱਖਣਾ ਉਸਦੀ ਸਭ ਤੋਂ ਵੱਡੀ ਤਰਜੀਹ ਹੈ।

