ਚੋਣ ਮੁੜ ਕਰਵਾਉਣ ਦਾ ਫੈਸਲਾ
ਦੀਨਾਨਗਰ :- ਨਗਰ ਕੌਂਸਲ ਦੀਨਾਨਗਰ ਦੇ ਵਾਰਡ ਨੰਬਰ 6 ਦੇ ਬੂਥ ਨੰਬਰ 9 ’ਤੇ 13 ਜੂਨ ਨੂੰ ਵੋਟਿੰਗ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਵਿੱਚ ਤਕਨੀਕੀ ਖਰਾਬੀ ਆ ਜਾਣ ਕਾਰਨ ਚੋਣ ਪ੍ਰਕਿਰਿਆ ਅਧੂਰੀ ਰਹਿ ਗਈ ਸੀ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੇ ਹੁਕਮਾਂ ਅਨੁਸਾਰ ਇਸ ਬੂਥ ’ਤੇ 15 ਜੂਨ, ਸੋਮਵਾਰ ਨੂੰ ਦੁਬਾਰਾ ਵੋਟਿੰਗ ਕਰਵਾਈ ਜਾਵੇਗੀ।
ਵੋਟਿੰਗ ਦਾ ਸਮਾਂ
ਅਧਿਕਾਰੀਆਂ ਅਨੁਸਾਰ ਮਤਦਾਨ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਿੰਗ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਵੀ ਕੀਤੀ ਜਾਵੇਗੀ।
ਸਿਆਸੀ ਮਾਹੌਲ ਗਰਮ
ਵੋਟਿੰਗ ਮੁੜ ਹੋਣ ਦੇ ਐਲਾਨ ਨਾਲ ਵਾਰਡ ਨੰਬਰ 6 ਦਾ ਸਿਆਸੀ ਮਾਹੌਲ ਤਪਿਆ ਹੋਇਆ ਹੈ। ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਆਪਣੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਲਗਾ ਰਹੀਆਂ ਹਨ।
ਇਸ ਦਰਮਿਆਨ ਇੱਕ ਅਜ਼ਾਦ ਉਮੀਦਵਾਰ ਨੇ ਕਾਂਗਰਸ ਨੂੰ ਸਮਰਥਨ ਦੇ ਦਿੱਤਾ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਮੋਰਚਾ ਸੰਭਾਲ ਲਿਆ ਹੈ। ਇਸ ਕਾਰਨ ਮੁਕਾਬਲਾ ਹੁਣ ਮੁੱਖ ਤੌਰ ’ਤੇ ਤਿੰਨ ਧਿਰਾਂ ਵਿਚਕਾਰ ਰਹਿ ਗਿਆ ਹੈ।
‘ਆਪ’ ਤੇ ਕਾਂਗਰਸ ਲਈ ਇੱਜ਼ਤ ਦਾ ਸਵਾਲ
ਸਥਾਨਕ ਸਿਆਸੀ ਹਲਕਿਆਂ ਅਨੁਸਾਰ ਇਸ ਵਾਰਡ ਦੀ ਸੀਟ ਖਾਸ ਤੌਰ ’ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਲਈ ਪ੍ਰਤੀਸ਼ਠਾ ਨਾਲ ਜੁੜੀ ਹੋਈ ਮੰਨੀ ਜਾ ਰਹੀ ਹੈ। ਦੋਵੇਂ ਧਿਰਾਂ ਆਪਣੇ ਹੱਕ ਵਿੱਚ ਵੋਟਰਾਂ ਨੂੰ ਮੋੜਨ ਲਈ ਘਰ-ਘਰ ਸੰਪਰਕ ਮੁਹਿੰਮ ਤੇਜ਼ ਕਰ ਚੁੱਕੀਆਂ ਹਨ।

