ਗੁਰਦਾਸਪੁਰ :- ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਦਬੂੜੀ ‘ਚ ਸਥਿਤ ਨਵੋਦਿਆ ਸਕੂਲ ਦੇ ਪ੍ਰਿੰਸੀਪਲ ਨੂੰ ਸਿੱਖਿਆ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਪ੍ਰਿੰਸੀਪਲ ‘ਤੇ ਇਲਜ਼ਾਮ ਹੈ ਕਿ ਛੁੱਟੀਆਂ ਹੋਣ ਦੇ ਬਾਵਜੂਦ ਉਹਨਾਂ ਨੇ ਸਕੂਲ ਖੋਲ੍ਹਿਆ, ਜਿਸ ਕਾਰਨ ਲਗਭਗ 400 ਵਿਦਿਆਰਥੀ ਪਾਣੀ ਨਾਲ ਘਿਰੇ ਸਕੂਲ ਵਿੱਚ ਫਸ ਗਏ।
ਫੌਜ ਅਤੇ ਐਨਡੀਆਰਐਫ ਦੀ ਮਦਦ ਨਾਲ ਬੱਚਿਆਂ ਨੂੰ ਬਚਾਇਆ ਗਿਆ
ਜਦੋਂ ਸਕੂਲ ਵਿੱਚ ਪਾਣੀ ਦਾ ਪੱਧਰ ਵਧਿਆ, ਤਾਂ ਵਿਦਿਆਰਥੀਆਂ ਨੂੰ ਉਪਰਲੀ ਮੰਜ਼ਿਲ ‘ਤੇ ਰੱਖਿਆ ਗਿਆ। ਸਕੂਲ ਦੇ ਲਗਭਗ 40 ਅਧਿਆਪਕ ਅਤੇ ਹੋਰ ਸਟਾਫ਼ ਵੀ ਇਸ ਹਾਦਸੇ ਦੌਰਾਨ ਅੰਦਰ ਫਸੇ ਰਹੇ। ਬਾਅਦ ਵਿੱਚ, ਐਨਡੀਆਰਐਫ ਅਤੇ ਭਾਰਤੀ ਫੌਜ ਦੀਆਂ ਟੀਮਾਂ ਰਾਹਤ ਕਾਰਜ ਲਈ ਭੇਜੀਆਂ ਗਈਆਂ ਅਤੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਇਲਾਕੇ ਵਿੱਚ ਅਜੇ ਵੀ 8 ਤੋਂ 10 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ, ਜਿਸ ਨਾਲ ਹਾਲਾਤ ਗੰਭੀਰ ਬਣੇ ਹੋਏ ਹਨ।
ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ, ਬੱਸਾਂ ਭੇਜਣ ਤੋਂ ਬਾਅਦ ਵੀ ਪਾਣੀ ਨੇ ਰਾਹ ਰੋਕਿਆ
ਡਿਪਟੀ ਕਮਿਸ਼ਨਰ ਦਲਵਿੰਦਰ ਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਨੇ ਘਟਨਾ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ। ਬੱਸਾਂ ਭੇਜੀਆਂ ਗਈਆਂ ਸਨ, ਪਰ ਰਸਤੇ ‘ਚ ਪਾਣੀ ਵੱਧ ਹੋਣ ਕਰਕੇ ਉਨ੍ਹਾਂ ਨੂੰ ਰੋਕਣਾ ਪਿਆ। ਇਸ ਤੋਂ ਬਾਅਦ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਮੌਕੇ ‘ਤੇ ਪਹੁੰਚਾਇਆ ਗਿਆ।
ਸਿੱਖਿਆ ਵਿਭਾਗ ਨੇ ਪ੍ਰਿੰਸੀਪਲ ਤੋਂ ਇਸ ਲਾਪਰਵਾਹੀ ਬਾਰੇ ਤੁਰੰਤ ਸਪੱਸ਼ਟੀਕਰਨ ਮੰਗਿਆ ਹੈ।
ਬੱਚੇ ਤੇ ਸਟਾਫ਼ ਸੁਰੱਖਿਅਤ, ਪਰ ਹਾਲਾਤ ਹਾਲੇ ਵੀ ਚਿੰਤਾਜਨਕ
ਫੌਜ ਅਤੇ ਰਾਹਤ ਟੀਮਾਂ ਦੀ ਸਮੇਂ-ਸਿਰ ਕਾਰਵਾਈ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਾਰੇ ਵਿਦਿਆਰਥੀ ਹੁਣ ਸੁਰੱਖਿਅਤ ਹਨ। ਹਾਲਾਂਕਿ, ਇਲਾਕੇ ਵਿੱਚ ਹਾਲਾਤ ਹਾਲੇ ਵੀ ਖ਼ਰਾਬ ਹਨ ਅਤੇ ਪ੍ਰਸ਼ਾਸਨ ਵੱਲੋਂ ਹਾਲਾਤ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ।