ਹਮੀਰਪੁਰ :- ਵਿਦੇਸ਼ੀ ਜਹਾਜ਼ ‘ਤੇ ਨੌਕਰੀ ਕਰ ਰਹੇ ਹਿਮਾਚਲ ਪ੍ਰਦੇਸ਼ ਦੇ ਇੱਕ ਨੌਜਵਾਨ ਦੀ ਓਮਾਨ ਦੇ ਤੱਟ ਨੇੜੇ ਵਾਪਰੀ ਘਟਨਾ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਸਮੇਤ ਪੂਰੇ ਇਲਾਕੇ ਵਿੱਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਹਮੀਰਪੁਰ ਜ਼ਿਲ੍ਹੇ ਦੇ ਗਾਲੋਦ ਖੇਤਰ ਨਾਲ ਸਬੰਧਤ 23 ਸਾਲਾ ਆਦਿਤਿਆ ਸ਼ਰਮਾ ਇੱਕ ਪਲਾਊ-ਰਜਿਸਟਰਡ ਤੇਲ ਟੈਂਕਰ ‘ਤੇ ਡੈੱਕ ਕੈਡੇਟ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਬੁੱਧਵਾਰ ਨੂੰ ਓਮਾਨ ਦੇ ਤੱਟ ਨੇੜੇ ਜਹਾਜ਼ ‘ਤੇ ਹੋਏ ਹਮਲੇ ਦੌਰਾਨ ਉਹ ਗੰਭੀਰ ਤੌਰ ‘ਤੇ ਪ੍ਰਭਾਵਿਤ ਹੋਇਆ ਅਤੇ ਉਸ ਦੀ ਮੌਤ ਹੋ ਗਈ।
24 ਭਾਰਤੀ ਸਨ ਜਹਾਜ਼ ‘ਤੇ ਸਵਾਰ
ਸੂਤਰਾਂ ਅਨੁਸਾਰ ਘਟਨਾ ਵੇਲੇ ਜਹਾਜ਼ ‘ਤੇ ਕੁੱਲ 24 ਭਾਰਤੀ ਮੌਜੂਦ ਸਨ। ਰਾਹਤ ਅਤੇ ਬਚਾਅ ਕਾਰਵਾਈ ਦੌਰਾਨ 21 ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ ਆਦਿਤਿਆ ਸ਼ਰਮਾ ਆਪਣੀ ਜਾਨ ਨਹੀਂ ਬਚਾ ਸਕਿਆ। ਬਾਕੀ ਮੈਂਬਰਾਂ ਦੀ ਸੁਰੱਖਿਆ ਸਬੰਧੀ ਵੀ ਅਧਿਕਾਰੀਆਂ ਵੱਲੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਸਦਮੇ ਵਿੱਚ ਚਲਾ ਗਿਆ। ਰਿਸ਼ਤੇਦਾਰਾਂ, ਦੋਸਤਾਂ ਅਤੇ ਪਿੰਡ ਵਾਸੀਆਂ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਆਦਿਤਿਆ ਨੂੰ ਮਿਹਨਤੀ ਅਤੇ ਹੋਣਹਾਰ ਨੌਜਵਾਨ ਵਜੋਂ ਜਾਣਿਆ ਜਾਂਦਾ ਸੀ, ਜਿਸ ਦੇ ਭਵਿੱਖ ਨੂੰ ਲੈ ਕੇ ਪਰਿਵਾਰ ਨੇ ਕਈ ਉਮੀਦਾਂ ਜੋੜੀਆਂ ਹੋਈਆਂ ਸਨ।
ਪ੍ਰਸ਼ਾਸਨ ਵੱਲੋਂ ਸੰਪਰਕ ਬਣਾਈ ਰੱਖਣ ਦੇ ਯਤਨ
ਸਬੰਧਤ ਅਧਿਕਾਰੀ ਮਾਮਲੇ ‘ਤੇ ਨਜ਼ਰ ਬਣਾਈ ਹੋਈ ਹੈ ਅਤੇ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਉਣ ਸਬੰਧੀ ਲੋੜੀਂਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਦਰਮਿਆਨ ਹਮੀਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ।

