ਚੰਡੀਗੜ੍ਹ/ਜਲੰਧਰ, 10 ਜੂਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਜ਼ਨ ਅਨੁਸਾਰ ਨਾਗਰਿਕ-ਕੇਂਦਰਿਤ ਅਤੇ ਤਕਨਾਲੋਜੀ ਆਧਾਰਿਤ ਪੁਲਿਸਿੰਗ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਗੌਰਵ ਯਾਦਵ ਨੇ ਬੁੱਧਵਾਰ ਨੂੰ ਫਿਲੌਰ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿੱਚ ਨਵੇਂ SAANJH Citizen Portal ਦੀ ਸ਼ੁਰੂਆਤ ਕੀਤੀ।
ਇਸ ਮੌਕੇ DGP ਨੇ ਪੰਜਾਬ ਪੁਲਿਸ ਮਹਿਲਾ ਮਿਤਰ ਅਤੇ ਮਹਿਲਾ ਹੈਲਪ ਡੈਸਕਾਂ ਵਿੱਚ ਤਾਇਨਾਤ ਮਹਿਲਾ ਪੁਲਿਸ ਕਰਮਚਾਰੀਆਂ ਲਈ 93 ਈ-ਸਕੂਟਰਾਂ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਨਾਲ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਲੋਕਾਂ ਤੱਕ ਪਹੁੰਚ ਹੋਰ ਬਿਹਤਰ ਹੋਵੇਗੀ।

SAANJH ਪੋਰਟਲ ਵਿੱਚ ਜੋੜੀਆਂ ਗਈਆਂ 14 ਨਵੀਆਂ ਸਹੂਲਤਾਂ
ਅਪਗ੍ਰੇਡ ਕੀਤੇ ਗਏ SAANJH Citizen Portal (saanjh.punjabpolice.gov.in) ਵਿੱਚ 14 ਨਵੀਆਂ ਨਾਗਰਿਕ ਸੇਵਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਉਦੇਸ਼ ਪੁਲਿਸ ਸੇਵਾਵਾਂ ਨੂੰ ਹੋਰ ਆਸਾਨ, ਪਾਰਦਰਸ਼ੀ ਅਤੇ ਤੇਜ਼ ਬਣਾਉਣਾ ਹੈ।
ਇਨ੍ਹਾਂ ਵਿੱਚ ਆਧਾਰ ਆਧਾਰਿਤ e-KYC ਰਾਹੀਂ ਪੁਲਿਸ ਵੈਰੀਫਿਕੇਸ਼ਨ, QR ਕੋਡ ਵਾਲੇ ਪ੍ਰਮਾਣ ਪੱਤਰ, ਡਿਜ਼ੀਟਲ ਭੁਗਤਾਨ ਰਸੀਦਾਂ, ਗੁੰਮ ਹੋਏ ਮੋਬਾਈਲ ਫੋਨਾਂ ਦੀ ਰਿਪੋਰਟਿੰਗ, ਪੂਰੀ ਤਰ੍ਹਾਂ ਪੇਪਰਲੈੱਸ ਕਿਰਾਏਦਾਰ ਤਸਦੀਕ ਪ੍ਰਣਾਲੀ, ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਸੇਵਾਵਾਂ ਅਤੇ ਪਾਸਪੋਰਟ ਵੈਰੀਫਿਕੇਸ਼ਨ ਅਧਿਕਾਰੀਆਂ ਲਈ ਫੀਡਬੈਕ ਸਿਸਟਮ ਸ਼ਾਮਲ ਹਨ।
ਪੰਜਾਬ ਪੁਲਿਸ ਮੁਤਾਬਕ ਫਰਵਰੀ 2025 ਤੋਂ ਹੁਣ ਤੱਕ ਇਸ ਫੀਡਬੈਕ ਪ੍ਰਣਾਲੀ ਰਾਹੀਂ 90,000 ਤੋਂ ਵੱਧ ਪ੍ਰਤੀਕਿਰਿਆਵਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ।
ਘਰ ਬੈਠੇ ਮਿਲਣਗੀਆਂ ਕਈ ਪੁਲਿਸ ਸੇਵਾਵਾਂ
DGP ਗੌਰਵ ਯਾਦਵ ਨੇ ਕਿਹਾ ਕਿ ਨਵਾਂ SAANJH ਪੋਰਟਲ ਤਕਨਾਲੋਜੀ, ਸੁਸ਼ਾਸਨ ਅਤੇ ਨਾਗਰਿਕ ਸੇਵਾਵਾਂ ਦਾ ਬਿਹਤਰੀਨ ਮਿਲਾਪ ਹੈ। ਇਸ ਨਾਲ ਲੋਕਾਂ ਨੂੰ ਪੁਲਿਸ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਲੋੜ ਘੱਟ ਹੋਵੇਗੀ ਅਤੇ ਵਿਚੋਲਿਆਂ ਦੀ ਭੂਮਿਕਾ ਵੀ ਖਤਮ ਹੋਵੇਗੀ।
ਉਨ੍ਹਾਂ ਦੱਸਿਆ ਕਿ ਪੋਰਟਲ ਨੂੰ ਵਾਹਨ NOC ਅਤੇ ਲਾਪਤਾ ਵਿਅਕਤੀਆਂ ਨਾਲ ਸਬੰਧਤ ਸੇਵਾਵਾਂ ਲਈ ਨੈਸ਼ਨਲ ਡਿਜ਼ੀਟਲ ਪੁਲਿਸ ਰਿਪੋਜ਼ਟਰੀ ਨਾਲ ਵੀ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਕਈ ਸੇਵਾਵਾਂ ਲਈ ਇੱਕ ਨਵਾਂ ਯੂਨਿਫਾਈਡ ਪੁਲਿਸ ਵੈਰੀਫਿਕੇਸ਼ਨ ਐਪ ਵੀ ਸ਼ੁਰੂ ਕੀਤਾ ਗਿਆ ਹੈ।
‘ਹੱਕ ਤੁਹਾਡਾ, ਫ਼ਰਜ਼ ਸਾਡਾ’ ਸਿਧਾਂਤ ‘ਤੇ ਕੰਮ ਕਰ ਰਹੀ ਪੰਜਾਬ ਪੁਲਿਸ
DGP ਨੇ ਕਿਹਾ ਕਿ ਪੰਜਾਬ ਪੁਲਿਸ ਕਮਿਊਨਿਟੀ ਪੁਲਿਸਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਯੁਵਾ ਸਾਂਝ, ਸਟੂਡੈਂਟ ਪੁਲਿਸ ਕੈਡੇਟ ਸਕੀਮ, ਜਾਗ੍ਰਿਤੀ, ਮਹਿਲਾ ਹੈਲਪ ਡੈਸਕ ਅਤੇ ਸਾਂਝ ਰਾਹਤ ਕੇਂਦਰਾਂ ਵਰਗੀਆਂ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਪਣੇ ਮੂਲ ਸਿਧਾਂਤ “ਹੱਕ ਤੁਹਾਡਾ, ਫ਼ਰਜ਼ ਸਾਡਾ” ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।
‘ਸ਼ੇਰਾ’ ਅਤੇ ‘ਸ਼ਕਤੀ’ ਨਾਮ ਦੇ ਨਵੇਂ ਮੈਸਕਾਟ ਲਾਂਚ
ਇਸ ਮੌਕੇ ਪੰਜਾਬ ਪੁਲਿਸ ਵੱਲੋਂ ‘ਸ਼ੇਰਾ’ ਅਤੇ ‘ਸ਼ਕਤੀ’ ਨਾਮ ਦੇ ਦੋ ਨਵੇਂ SAANJH ਮੈਸਕਾਟ ਵੀ ਲਾਂਚ ਕੀਤੇ ਗਏ। ਇਨ੍ਹਾਂ ਦਾ ਉਦੇਸ਼ ਪੁਲਿਸ ਅਤੇ ਲੋਕਾਂ ਵਿਚਕਾਰ ਸੰਚਾਰ ਨੂੰ ਹੋਰ ਦੋਸਤਾਨਾ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ।
ਸਮਾਗਮ ਦੌਰਾਨ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ, ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ, ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ, ਐੱਸਐੱਸਪੀ ਐੱਸਬੀਐੱਸ ਨਗਰ ਤੁਸ਼ਾਰ ਗੁਪਤਾ ਅਤੇ ਐੱਸਐੱਸਪੀ ਲੁਧਿਆਣਾ ਦਿਹਾਤੀ ਅੰਕੁਰ ਗੁਪਤਾ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।

