ਨਵੀਂ ਦਿੱਲੀ :- ਪਾਕਿਸਤਾਨ ਵਿੱਚ ਲਗਾਤਾਰ ਹੋ ਰਹੀ ਭਾਰੀ ਵਰਖਾ ਅਤੇ ਭਾਰਤ ਵੱਲੋਂ ਨਦੀਆਂ ਵਿੱਚ ਛੱਡੇ ਗਏ ਪਾਣੀ ਕਾਰਨ ਹੜ੍ਹ ਦੀ ਸਥਿਤੀ ਹੋਰ ਗੰਭੀਰ ਬਣਦੀ ਜਾ ਰਹੀ ਹੈ। ਖ਼ਾਸ ਕਰਕੇ ਪੰਜਾਬ, ਖੈਬਰ ਪਖ਼ਤੂਨਖ਼ਵਾ ਅਤੇ ਪੀਓਕੇ (ਪਾਕ ਅਧੀਨ ਕਸ਼ਮੀਰ) ਦੇ ਵੱਡੇ ਹਿੱਸੇ ਇਸ ਤਬਾਹੀ ਦੀ ਲਪੇਟ ਵਿੱਚ ਹਨ। ਭਾਰਤ ਵੱਲੋਂ ਸਤਲੁਜ ਅਤੇ ਰਾਵੀ ਨਦੀ ਵਿੱਚ ਛੱਡੇ ਪਾਣੀ ਮਗਰੋਂ ਪਾਕਿਸਤਾਨ ਦੀ ਕੌਮੀ ਆਫ਼ਤ ਪ੍ਰਬੰਧਨ ਏਜੰਸੀ (NDMA) ਨੇ ਹੜ੍ਹ ਅਲਰਟ ਜਾਰੀ ਕੀਤਾ ਹੈ।
ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਸ੍ਰੀ ਕਰਤਾਰਪੁਰ ਸਾਹਿਬ ਹੈ, ਜਿੱਥੇ ਹੜ੍ਹ ਦਾ ਪਾਣੀ ਗੁਰਦੁਆਰਾ ਸਾਹਿਬ ਦੇ ਨੀਵੇਂ ਹਿੱਸੇ ਵਿੱਚ ਦਾਖਲ ਹੋ ਗਿਆ। ਸਵੇਰੇ ਤਕ ਅੰਗੀਠਾ ਸਾਹਿਬ, ਮਜ਼ਾਰ ਸਾਹਿਬ ਅਤੇ ਖੂਹ ਸਾਹਿਬ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ। ਸੇਵਾਦਾਰਾਂ ਨਾਲ ਸੰਪਰਕ ਟੁੱਟ ਗਿਆ ਹੈ ਅਤੇ ਰਾਹਤ ਅਭਿਆਨ ਜਾਰੀ ਹੈ।
1.5 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ
ਜਾਣਕਾਰੀ ਅਨੁਸਾਰ, ਰਾਹਤ ਕਰਮਚਾਰੀਆਂ ਨੇ ਲਗਭਗ 1,50,000 ਲੋਕਾਂ ਨੂੰ ਖਤਰਨਾਕ ਇਲਾਕਿਆਂ ਤੋਂ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਭੇਜਿਆ ਹੈ। ਭਾਰਤ ਵੱਲੋਂ ਪਾਣੀ ਛੱਡਣ ਬਾਰੇ ਪਹਿਲਾਂ ਹੀ ਪਾਕਿਸਤਾਨ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਦੀ ਰਿਹਾਇਸ਼ ਯੋਜਨਾ ਸ਼ੁਰੂ ਕਰ ਦਿੱਤੀ।
ਮਾਧੋਪੁਰ ਹੈਡਵਰਕਸ ਤੋਂ ਛੱਡਿਆ ਪਾਣੀ ਰਾਵੀ ਵਿੱਚ ਤੇਜ਼ੀ ਨਾਲ ਵਹਿਣ ਲੱਗਾ, ਜਦਕਿ ਸਤਲੁਜ ਦਾ ਪਾਣੀ ਦੱਖਣੀ ਪੰਜਾਬ ਦੇ ਕਈ ਹਿੱਸਿਆਂ ਨੂੰ ਡੁੱਬ ਚੁੱਕਾ ਹੈ। NDMA ਨੇ ਕਿਹਾ ਹੈ ਕਿ ਜਿਵੇਂ-ਜਿਵੇਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਮੀਂਹ ਵੱਧ ਰਿਹਾ ਹੈ, ਪਾਕਿਸਤਾਨ ਵੱਲ ਆਉਣ ਵਾਲੀਆਂ ਨਦੀਆਂ ਦਾ ਪੱਧਰ ਹੋਰ ਵੀ ਖਤਰਨਾਕ ਹੋ ਸਕਦਾ ਹੈ।
ਸੈਂਕੜੇ ਪਿੰਡ ਖਾਲੀ ਕਰਵਾਏ, ਲੋਕਾਂ ਨੂੰ ਚੇਤਾਵਨੀ ਜਾਰੀ
ਪਾਕਿਸਤਾਨੀ ਮੀਡੀਆ ਮੁਤਾਬਕ, NDMA ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰਾਵੀ ਅਤੇ ਸਤਲੁਜ ਦੋਵੇਂ ਨਦੀਆਂ ਦਾ ਪਾਣੀ ਲਗਾਤਾਰ ਚੜ੍ਹ ਰਿਹਾ ਹੈ, ਜਿਸ ਨਾਲ ਖ਼ਾਸ ਕਰਕੇ ਪੰਜਾਬ ਸੂਬੇ ਵਿੱਚ ਹੜ੍ਹ ਦਾ ਖ਼ਤਰਾ ਹੋਰ ਵੱਧ ਗਿਆ ਹੈ।
ਬਹਾਵਲਨਗਰ, ਕਸੂਰ, ਓਕਾਰਾ, ਪਾਕਪੱਟਨ, ਬਹਾਵਲਪੁਰ ਅਤੇ ਵੇਹਾਰੀ ਸਮੇਤ ਕਈ ਜ਼ਿਲ੍ਹਿਆਂ ਤੋਂ ਲੋਕਾਂ ਨੂੰ ਹਟਾਇਆ ਜਾ ਰਿਹਾ ਹੈ। ਸੈਂਕੜੇ ਪਿੰਡ ਪੂਰੀ ਤਰ੍ਹਾਂ ਖਾਲੀ ਕਰਵਾਏ ਗਏ ਹਨ ਅਤੇ ਲੋਕਾਂ ਨੂੰ ਨਦੀਆਂ ਅਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।