ਸ਼੍ਰੀ ਆਨੰਦਪੁਰ ਸਾਹਿਬ :- ਪੰਜਾਬ ਦੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਕਈ ਥਾਵਾਂ ’ਤੇ ਮਜ਼ਬੂਤ ਪ੍ਰਦਰਸ਼ਨ ਕਰਦਿਆਂ ਵੱਡੀਆਂ ਜਿੱਤਾਂ ਦਰਜ ਕੀਤੀਆਂ ਹਨ। ਖਾਸ ਤੌਰ ’ਤੇ ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿੱਚ ‘ਆਪ’ ਨੇ 13 ਵਿੱਚੋਂ 11 ਸੀਟਾਂ ਜਿੱਤ ਕੇ ਸਿਆਸੀ ਮੈਦਾਨ ਵਿੱਚ ਆਪਣਾ ਦਬਦਬਾ ਸਾਬਤ ਕੀਤਾ ਹੈ।
ਹਰਜੋਤ ਬੈਂਸ ਨੇ ਜਿੱਤ ਨੂੰ ਦੱਸਿਆ ਇਤਿਹਾਸਕ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਜਿੱਤ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਨੇ ਵਿਕਾਸ ਅਤੇ ਸਾਫ਼-ਸੁਥਰੀ ਰਾਜਨੀਤੀ ’ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਸੂਬੇ ਵਿੱਚ ‘ਆਪ’ ਦੀ ਮਜ਼ਬੂਤ ਪਕੜ ਨੂੰ ਦਰਸਾਉਂਦੇ ਹਨ।
ਫ਼ਾਜ਼ਿਲਕਾ, ਬਠਿੰਡਾ ਤੇ ਰਮਦਾਸ ਤੋਂ ਵੀ ਦਿਲਚਸਪ ਨਤੀਜੇ
ਫ਼ਾਜ਼ਿਲਕਾ ਵਿੱਚ ਵਾਰਡ ਨੰਬਰ 1 ਤੋਂ ਕਾਂਗਰਸ ਦੇ ਭਜਨ ਲਾਲ ਨੇ 162 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ, ਜਦਕਿ ਵਾਰਡ ਨੰਬਰ 3 ਤੋਂ ‘ਆਪ’ ਦੇ ਸੁਨੀਲ ਮੈਨੀ ਜੇਤੂ ਰਹੇ। ਬਠਿੰਡਾ ਦੇ ਕੋਟ ਸ਼ਮੀਰ ਨਗਰ ਪੰਚਾਇਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਉਮੀਦਵਾਰ ਜਿੱਤਣ ਵਿੱਚ ਕਾਮਯਾਬ ਰਹੇ।
ਨਗਰ ਕੌਂਸਲ ਰਮਦਾਸ ਵਿੱਚ ਵੀ ‘ਆਪ’ ਦਾ ਦਬਦਬਾ ਵੇਖਣ ਨੂੰ ਮਿਲਿਆ, ਜਿੱਥੇ ਵਾਰਡ ਨੰਬਰ 3, 6, 9, 10 ਅਤੇ 11 ਵਿੱਚ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ।
ਬੋਹਾ ਅਤੇ ਮੁਕੇਰੀਆਂ ਵਿੱਚ ਆਜ਼ਾਦ ਤੇ ਕਾਂਗਰਸ ਉਮੀਦਵਾਰਾਂ ਦੀ ਚਮਕ
ਮਾਨਸਾ ਦੀ ਬੋਹਾ ਨਗਰ ਪੰਚਾਇਤ ਵਿੱਚ ਚਾਰ ਆਜ਼ਾਦ ਉਮੀਦਵਾਰ ਜਿੱਤ ਕੇ ਸਾਹਮਣੇ ਆਏ ਹਨ। ਦੂਜੇ ਪਾਸੇ ਮੁਕੇਰੀਆਂ ਨਗਰ ਕੌਂਸਲ ਵਿੱਚ ਕਾਂਗਰਸ ਨੇ ਦੋ ਵਾਰਡਾਂ ’ਚ ਜਿੱਤ ਦਰਜ ਕੀਤੀ। ਭਾਜਪਾ ਨੇ ਵੀ ਇੱਕ ਵਾਰਡ ਵਿੱਚ ਬਾਜ਼ੀ ਮਾਰੀ, ਜਦਕਿ ਇੱਕ ਸੀਟ ‘ਆਪ’ ਦੇ ਖਾਤੇ ਵਿੱਚ ਗਈ।
ਬੰਗਾ ਅਤੇ ਆਦਮਪੁਰ ’ਚ ਵੀ ‘ਆਪ’ ਦਾ ਦਬਦਬਾ
ਬੰਗਾ ਨਗਰ ਕੌਂਸਲ ਦੇ 15 ਵਾਰਡਾਂ ਦੇ ਨਤੀਜਿਆਂ ਵਿੱਚ ‘ਆਪ’ ਨੇ 10 ਸੀਟਾਂ ਜਿੱਤ ਕੇ ਵੱਡੀ ਬੜਤ ਹਾਸਲ ਕੀਤੀ। ਇਸ ਤੋਂ ਇਲਾਵਾ ਇੱਕ ਵਾਰਡ ਵਿੱਚ ਭਾਜਪਾ, ਇੱਕ ਵਿੱਚ ਸ਼੍ਰੋਮਣੀ ਅਕਾਲੀ ਦਲ, ਇੱਕ ਵਿੱਚ ਬਸਪਾ ਅਤੇ ਦੋ ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ।
ਜਲੰਧਰ ਦੇ ਆਦਮਪੁਰ ਨਗਰ ਕੌਂਸਲ ਵਿੱਚ ਵੀ ‘ਆਪ’ ਨੇ ਵਾਰਡ ਨੰਬਰ 2, 4 ਅਤੇ 6 ਵਿੱਚ ਜਿੱਤ ਦਰਜ ਕੀਤੀ, ਜਦਕਿ ਦੋ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ।
ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਵੀ ਆਏ ਨਤੀਜੇ
ਮੋਗਾ ਦੇ ਕੋਟ ਈਸੇ ਖਾਂ ਨਗਰ ਪੰਚਾਇਤ ਵਿੱਚ ‘ਆਪ’ ਨੇ 13 ਵਿੱਚੋਂ 11 ਵਾਰਡ ਜਿੱਤ ਕੇ ਆਪਣਾ ਕਬਜ਼ਾ ਬਰਕਰਾਰ ਰੱਖਿਆ। ਇੱਕ ਵਾਰਡ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਿਹਾ।
ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਸ਼ੁਰੂਆਤੀ ਨਤੀਜਿਆਂ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ਵਾਰਡ ਨੰਬਰ 1 ਅਤੇ 4 ਵਿੱਚ ‘ਆਪ’ ਦੇ ਉਮੀਦਵਾਰ ਜੇਤੂ ਰਹੇ, ਜਦਕਿ ਵਾਰਡ ਨੰਬਰ 2 ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਵਾਰਡ ਨੰਬਰ 3 ਵਿੱਚ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ।

