ਚੰਡੀਗੜ੍ਹ :- ਭਾਰਤੀ ਜਨਤਾ ਪਾਰਟੀ ਨੇ ਪੰਜਾਬ ਇਕਾਈ ਦੀ ਕਮਾਨ ਕੇਵਲ ਸਿੰਘ ਢਿੱਲੋਂ ਦੇ ਹੱਥਾਂ ਵਿੱਚ ਸੌਂਪ ਦਿੱਤੀ ਹੈ। ਉਹ ਸੁਨੀਲ ਜਾਖੜ ਦੀ ਥਾਂ ਨਵੇਂ ਸੂਬਾ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾਉਣਗੇ। ਇਸ ਨਿਯੁਕਤੀ ਨਾਲ ਕੇਵਲ ਢਿੱਲੋਂ ਪੰਜਾਬ ਭਾਜਪਾ ਦੇ ਪਹਿਲੇ ਜੱਟ ਸਿੱਖ ਪ੍ਰਧਾਨ ਬਣ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਸੁਨੀਲ ਜਾਖੜ ਵਾਂਗ ਢਿੱਲੋਂ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਕੱਸਿਆ ਤਿੱਖਾ ਤੰਜ
ਕੇਵਲ ਢਿੱਲੋਂ ਦੀ ਨਿਯੁਕਤੀ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਮਾਨ ਨੇ ਲਿਖਿਆ ਕਿ ਕਾਂਗਰਸ ਤੋਂ ਆਏ ਕੇਵਲ ਢਿੱਲੋਂ ਨੂੰ ਪ੍ਰਧਾਨ ਬਣਨ ‘ਤੇ ਵਧਾਈਆਂ, ਪਰ ਨਾਲ ਹੀ ਸੁਨੀਲ ਜਾਖੜ ਲਈ ਹਮਦਰਦੀ ਵੀ ਜਤਾਈ। ਉਨ੍ਹਾਂ ਆਪਣੇ ਤੰਜ ਵਿੱਚ ਰਵਨੀਤ ਬਿੱਟੂ, ਮਨਪ੍ਰੀਤ ਬਾਦਲ, ਫਤਿਹਜੰਗ ਬਾਜਵਾ, ਤਰੁਣ ਚੁੱਘ ਅਤੇ ਅਸ਼ਵਨੀ ਸ਼ਰਮਾ ਵਰਗੇ ਆਗੂਆਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਸ ਸਿਆਸੀ ਹਾਲਾਤ ਨੂੰ ਸਹਿਣ ਦੀ ਤਾਕਤ ਰੱਖਣ।

ਸੁਖਜਿੰਦਰ ਰੰਧਾਵਾ ਨੇ ਵੀ ਜਾਖੜ ਨੂੰ ਘੇਰਿਆ
ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕੇਵਲ ਢਿੱਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੁਨੀਲ ਜਾਖੜ ਨੇ ਕਾਂਗਰਸ ਛੱਡਦੇ ਸਮੇਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਹਿੰਦੂ ਹੋਣ ਕਾਰਨ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਪਰ ਹੁਣ ਭਾਜਪਾ ਨੇ ਵੀ ਉਨ੍ਹਾਂ ਨੂੰ ਪ੍ਰਧਾਨੀ ਦਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਹਟਾ ਦਿੱਤਾ। ਰੰਧਾਵਾ ਨੇ ਸਵਾਲ ਕੀਤਾ ਕਿ ਕੀ ਹੁਣ ਭਾਜਪਾ ਨੂੰ ਵੀ “ਹਿੰਦੂ ਵਿਰੋਧੀ” ਮੰਨਿਆ ਜਾਵੇ?
ਸੁਨੀਲ ਜਾਖੜ ਨੇ ਨਵੀਂ ਟੀਮ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਉਧਰ, ਸੁਨੀਲ ਜਾਖੜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਕੰਮ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਰਹੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਠਨ ਤੋਂ ਮਿਲਿਆ ਸਹਿਯੋਗ ਹਮੇਸ਼ਾ ਯਾਦ ਰਹੇਗਾ।
‘ਪੰਜਾਬ ਨਾਲ ਰਿਸ਼ਤਾ ਅਹੁਦਿਆਂ ਤੋਂ ਉੱਪਰ’
ਜਾਖੜ ਨੇ ਕਿਹਾ ਕਿ ਪੰਜਾਬ, ਪੰਜਾਬ ਦੇ ਲੋਕਾਂ ਅਤੇ ਪਾਰਟੀ ਨਾਲ ਉਨ੍ਹਾਂ ਦਾ ਨਾਤਾ ਕਿਸੇ ਵੀ ਅਹੁਦੇ ਤੋਂ ਵੱਡਾ ਹੈ। ਉਨ੍ਹਾਂ ਕੇਵਲ ਢਿੱਲੋਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਆਸ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਜਪਾ ਪੰਜਾਬ ਵਿੱਚ ਹੋਰ ਮਜ਼ਬੂਤ ਹੋਵੇਗੀ ਅਤੇ ਪਾਰਟੀ ਹੋਰ ਸਮਰਪਣ ਨਾਲ ਲੋਕ ਸੇਵਾ ਕਰੇਗੀ।

