ਅਜਨਾਲਾ :- ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਸਰਾਂ ਵਿੱਚ ਬੀਤੀ ਰਾਤ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ।
ਤੜਕੇ ਵਾਪਰਿਆ ਹਾਦਸਾ, ਤਿੰਨ ਮੈਂਬਰ ਜ਼ਖਮੀ
ਸਵੇਰੇ ਕਰੀਬ 5 ਵਜੇ ਗਰੀਬ ਪਰਿਵਾਰ ਦੀ ਛੱਤ ਉਸ ਸਮੇਂ ਢਹਿ ਗਈ ਜਦੋਂ ਉਹ ਘਰ ਵਿੱਚ ਸੁੱਤੇ ਹੋਏ ਸਨ। ਹਾਦਸੇ ਵਿੱਚ ਚਾਰ ਸਾਲਾ ਬੱਚੀ ਸਮੇਤ ਤਿੰਨ ਪਰਿਵਾਰਕ ਮੈਂਬਰ ਜ਼ਖਮੀ ਹੋਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਲਾਜ ਤੋਂ ਬਾਅਦ ਉਹਨਾਂ ਨੂੰ ਘਰ ਛੁੱਟ ਦਿੱਤਾ ਗਿਆ।
ਕਮਜ਼ੋਰ ਛੱਤ ਕਾਰਨ ਵਾਪਰਿਆ ਹਾਦਸਾ
ਪਿੰਡ ਵਾਸੀਆਂ ਦੇ ਅਨੁਸਾਰ, ਪੀੜਤ ਪਰਿਵਾਰ ਦੀ ਛੱਤ ਕਾਫ਼ੀ ਸਮੇਂ ਤੋਂ ਕਮਜ਼ੋਰ ਸੀ। ਗਰੀਬੀ ਕਾਰਨ ਉਹ ਇਸਦੀ ਮੁਰੰਮਤ ਨਹੀਂ ਕਰਵਾ ਸਕੇ। ਤਰਪਾਲ ਨਾਲ ਢੱਕਣ ਦੇ ਬਾਵਜੂਦ ਲਗਾਤਾਰ ਬਾਰਿਸ਼ ਨੇ ਛੱਤ ਨੂੰ ਡਹਾ ਦਿੱਤਾ।
ਪਿੰਡ ਵਾਸੀਆਂ ਨੇ ਕੀਤੀ ਰਾਹਤ ਤੇ ਮਦਦ
ਪਿੰਡ ਦੇ ਲੋਕਾਂ ਨੇ ਮਲਬਾ ਹਟਾ ਕੇ ਪਰਿਵਾਰ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਦਾ ਇਲਾਜ ਅਜਨਾਲਾ ਦੇ ਨਿੱਜੀ ਹਸਪਤਾਲ ਵਿੱਚ ਕਰਵਾਇਆ। ਇਸ ਘਟਨਾ ਨਾਲ ਪਿੰਡ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।