ਅਮਰੀਕਾ :- ਅਮਰੀਕਾ ਦੇ ਵਰਜੀਨੀਆ ਸੂਬੇ ਦੇ ਨੋਰਫੋਕ ਸ਼ਹਿਰ ਵਿੱਚ ਭਾਰਤੀ ਮੂਲ ਦੀ ਇੱਕ ਮਹਿਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਘਟਨਾ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮ੍ਰਿਤਕਾ ਦੀ ਪਹਿਚਾਣ 47 ਸਾਲਾ ਮੇਘਨਾ ਪਟੇਲ ਵਜੋਂ ਹੋਈ ਹੈ, ਜੋ ਇੱਕ ਸਥਾਨਕ ਸਟੋਰ ਵਿੱਚ ਕੰਮ ਕਰਦੀ ਸੀ। ਘਟਨਾ ਤੋਂ ਬਾਅਦ ਭਾਰਤੀ ਭਾਈਚਾਰੇ ਵਿੱਚ ਡੂੰਘਾ ਦੁੱਖ ਅਤੇ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਸਟੋਰ ਅੰਦਰ ਦਾਖਲ ਹੋ ਕੇ ਚਲਾਈਆਂ ਗੋਲੀਆਂ
ਪੁਲਿਸ ਮੁਤਾਬਕ ਇਹ ਘਟਨਾ ਸਵੇਰੇ ਉਸ ਵੇਲੇ ਵਾਪਰੀ ਜਦੋਂ ਮੇਘਨਾ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ। ਇਸ ਦੌਰਾਨ ਇੱਕ ਨਕਾਬਪੋਸ਼ ਵਿਅਕਤੀ ਸਟੋਰ ਵਿੱਚ ਦਾਖਲ ਹੋਇਆ ਅਤੇ ਕੁਝ ਸਮਾਂ ਗੱਲਬਾਤ ਕਰਨ ਤੋਂ ਬਾਅਦ ਅਚਾਨਕ ਹਥਿਆਰ ਕੱਢ ਕੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਗੰਭੀਰ ਸੱਟਾਂ ਕਾਰਨ ਮੇਘਨਾ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲੀ
ਨੋਰਫੋਕ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਹਮਲਾਵਰ ਦੀ ਪਛਾਣ ਮਾਰਵੇਲ ਆਰ. ਬਾਂਡ ਵਜੋਂ ਹੋਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਉਹ ਮੌਕੇ ਤੋਂ ਭੱਜ ਗਿਆ ਅਤੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ।
ਘਰੇਲੂ ਝਗੜੇ ਨਾਲ ਵੀ ਜੁੜਿਆ ਮਾਮਲਾ
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹਮਲਾਵਰ ਨੇ ਇਸ ਘਟਨਾ ਤੋਂ ਪਹਿਲਾਂ ਆਪਣੇ ਸੌਤੇਲੇ ਪਿਤਾ ‘ਤੇ ਵੀ ਜਾਨਲੇਵਾ ਹਮਲਾ ਕੀਤਾ ਸੀ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਹਮਲਾਵਰ ਅਤੇ ਮੇਘਨਾ ਪਟੇਲ ਵਿਚਕਾਰ ਕੋਈ ਨਿੱਜੀ ਸਬੰਧ ਸੀ ਜਾਂ ਨਹੀਂ ਅਤੇ ਇਸ ਵਾਰਦਾਤ ਪਿੱਛੇ ਅਸਲ ਕਾਰਨ ਕੀ ਸੀ।

