ਅੰਮ੍ਰਿਤਸਰ :- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਸੁਚੱਜੇ ਮਾਡਿਊਲ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮਾਮਲੇ ਸਬੰਧੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ।
ਵਿਦੇਸ਼ੀ ਤਸਕਰਾਂ ਨਾਲ ਵਰਚੁਅਲ ਨੰਬਰਾਂ ਰਾਹੀਂ ਸੀ ਸੰਪਰਕ
ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਵਰਚੁਅਲ ਨੰਬਰਾਂ ਦੀ ਮਦਦ ਨਾਲ ਵਿਦੇਸ਼ ਬੈਠੇ ਤਸਕਰਾਂ ਦੇ ਸੰਪਰਕ ਵਿੱਚ ਸਨ। ਜਾਂਚ ਏਜੰਸੀਆਂ ਅਨੁਸਾਰ ਇਹ ਗਿਰੋਹ ਸਰਹੱਦ ਪਾਰੋਂ ਡਰੋਨਾਂ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਮੰਗਵਾ ਕੇ ਪੰਜਾਬ ਦੇ ਅਪਰਾਧਿਕ ਤੱਤਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਸੀ।
ਛੇਹਰਟਾ ਥਾਣੇ ਵਿੱਚ ਦਰਜ ਹੋਈਆਂ ਐੱਫ਼. ਆਈ. ਆਰ.
ਇਸ ਮਾਮਲੇ ਸਬੰਧੀ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਸ ਨੈੱਟਵਰਕ ਦੇ ਅਗਲੇ ਅਤੇ ਪਿਛਲੇ ਸਬੰਧ ਖੰਗਾਲੇ ਜਾ ਰਹੇ ਹਨ। ਨਾਲ ਹੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਗਿਰੋਹ ਨਾਲ ਹੋਰ ਕੌਣ-ਕੌਣ ਜੁੜਿਆ ਹੋਇਆ ਹੈ।
ਪੰਜਾਬ ਪੁਲਿਸ ਨੇ ਦੁਹਰਾਈ ਜ਼ੀਰੋ-ਟਾਲਰੈਂਸ ਨੀਤੀ
ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਿਆਂ, ਗੈਰ-ਕਾਨੂੰਨੀ ਹਥਿਆਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਉਸ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦ ਪਾਰੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਹਰ ਕੋਸ਼ਿਸ਼ ਨੂੰ ਨਾਕਾਮ ਬਣਾਇਆ ਜਾਵੇਗਾ ਅਤੇ ਅਜਿਹੇ ਗਿਰੋਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

