ਚੰਡੀਗੜ੍ਹ :- ਪੰਜਾਬੀ ਅਦਾਕਾਰ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਔਰਤਾਂ ਪ੍ਰਤੀ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿੱਚ ਦਾਇਰ ਕੀਤੀ ਗਈ ਉਨ੍ਹਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਅਦਾਲਤ ਨੇ ਰੱਦ ਕਰ ਦਿੱਤੀ। ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਬਚਾਅ ਪੱਖ ਨੇ ਅਦਾਲਤ ਅੱਗੇ ਜ਼ਮਾਨਤ ਦੀ ਮੰਗ ਰੱਖੀ, ਪਰ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਖਾਰਜ ਕਰਨ ਦਾ ਫੈਸਲਾ ਸੁਣਾਇਆ।
‘ਲੁੱਕੇ’ ਵੈੱਬ ਸੀਰੀਜ਼ ਦੇ ਡਾਇਲੌਗ ਤੋਂ ਖੜ੍ਹਾ ਹੋਇਆ ਵਿਵਾਦ
ਇਹ ਮਾਮਲਾ ਯੋਗਰਾਜ ਸਿੰਘ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਵੈੱਬ ਸੀਰੀਜ਼ ‘ਲੁੱਕੇ’ ਦੇ ਇੱਕ ਡਾਇਲੌਗ ਨਾਲ ਜੁੜਿਆ ਹੋਇਆ ਹੈ। ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਇੱਕ ਐਪੀਸੋਡ ਵਿੱਚ ਔਰਤਾਂ ਵਿਰੁੱਧ ਅਪਮਾਨਜਨਕ ਭਾਸ਼ਾ ਵਰਤੀ ਗਈ, ਜਿਸ ਕਾਰਨ ਸਮਾਜਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਯੋਗਰਾਜ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਦੋ ਵਕੀਲਾਂ ਦੀ ਸ਼ਿਕਾਇਤ ਤੋਂ ਬਾਅਦ ਦਰਜ ਹੋਈ ਸੀ ਐੱਫਆਈਆਰ
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਦੋ ਵਕੀਲਾਂ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਕਲਿੱਪ ਦਾ ਹਵਾਲਾ ਦਿੰਦਿਆਂ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਸੈਕਟਰ-36 ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ। ਮਾਮਲੇ ਦੇ ਦਰਜ ਹੋਣ ਮਗਰੋਂ ਯੋਗਰਾਜ ਸਿੰਘ ਨੇ ਗ੍ਰਿਫ਼ਤਾਰੀ ਤੋਂ ਬਚਾਅ ਲਈ ਅਦਾਲਤ ਦਾ ਰੁਖ ਕੀਤਾ ਸੀ।
ਪਹਿਲਾਂ ਪੁਲਿਸ ਤੋਂ ਮੰਗਿਆ ਗਿਆ ਸੀ ਰਿਕਾਰਡ
ਇਸ ਮਾਮਲੇ ਦੀ ਪਹਿਲੀ ਸੁਣਵਾਈ 20 ਮਈ ਨੂੰ ਹੋਈ ਸੀ, ਜਿਸ ਦੌਰਾਨ ਅਦਾਲਤ ਨੇ ਚੰਡੀਗੜ੍ਹ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਪੂਰਾ ਰਿਕਾਰਡ ਅਤੇ ਜਵਾਬ ਪੇਸ਼ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਅੱਜ ਹੋਈ ਸੁਣਵਾਈ ਵਿੱਚ ਅਦਾਲਤ ਨੇ ਯੋਗਰਾਜ ਸਿੰਘ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
8 ਮਈ ਨੂੰ ਰਿਲੀਜ਼ ਹੋਈ ਸੀ ਵੈੱਬ ਸੀਰੀਜ਼
‘ਲੁੱਕੇ’ ਨਾਮ ਦੀ ਵੈੱਬ ਸੀਰੀਜ਼ 8 ਮਈ 2026 ਨੂੰ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋਈ ਸੀ। ਇਸ ਦੇ ਇੱਕ ਸੀਨ ਨੂੰ ਲੈ ਕੇ ਹੀ ਵਿਵਾਦ ਖੜ੍ਹਾ ਹੋਇਆ ਅਤੇ ਮਾਮਲਾ ਹੁਣ ਕਾਨੂੰਨੀ ਪੜਾਅ ਵਿੱਚ ਪਹੁੰਚ ਗਿਆ ਹੈ।

