ਲੁਧਿਆਣਾ :- ਲੁਧਿਆਣਾ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸ਼ਹਿਰ ਦੀ ਮੇਅਰ ਇੰਦਰਜੀਤ ਕੌਰ ਅਤੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ। ਇਹ ਧਮਕੀ ਇੱਕ ਈਮੇਲ ਰਾਹੀਂ ਭੇਜੀ ਗਈ, ਜੋ ਸਵੇਰੇ ਕਰੀਬ 7:28 ਵਜੇ ਨਗਰ ਨਿਗਮ ਕਮਿਸ਼ਨਰ ਦੇ ਅਧਿਕਾਰਤ ਈਮੇਲ ਪਤੇ ‘ਤੇ ਪ੍ਰਾਪਤ ਹੋਈ।
ਮੇਅਰ ਦੇ ਘਰ ਧਮਾਕੇ ਦਾ ਸਮਾਂ ਵੀ ਲਿਖਿਆ
ਧਮਕੀ ਭਰੇ ਸੰਦੇਸ਼ ਵਿੱਚ ਦਾਅਵਾ ਕੀਤਾ ਗਿਆ ਕਿ ਮੇਅਰ ਇੰਦਰਜੀਤ ਕੌਰ ਦੇ ਨਿਵਾਸ ਸਥਾਨ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਈਮੇਲ ਵਿੱਚ ਕਥਿਤ ਤੌਰ ‘ਤੇ ਦੁਪਹਿਰ 1:11 ਵਜੇ ਧਮਾਕਾ ਕਰਨ ਦੀ ਗੱਲ ਲਿਖੀ ਗਈ ਹੈ। ਇਸ ਦੇ ਨਾਲ ਹੀ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਪਿੰਡ ਵਿੱਚ ਸਥਿਤ ਜੱਦੀ ਘਰ ਨੂੰ ਵੀ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਦਿੱਤੀ ਗਈ ਹੈ।
ਦਿਲਜੀਤ ਦੁਸਾਂਝ ਦੇ ਘਰ ਲਈ ਵੀ ਦਿੱਤੀ ਗਈ ਚੇਤਾਵਨੀ
ਈਮੇਲ ਵਿੱਚ ਲਿਖਿਆ ਗਿਆ ਕਿ 6 ਜੂਨ ਤੱਕ ਰਾਤ 9:11 ਵਜੇ ਦਿਲਜੀਤ ਦੁਸਾਂਝ ਦੇ ਜੱਦੀ ਘਰ ਵਿੱਚ ਧਮਾਕਾ ਕੀਤਾ ਜਾ ਸਕਦਾ ਹੈ। ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਈ ਨਾਮਾਂ ਦਾ ਕੀਤਾ ਗਿਆ ਜ਼ਿਕਰ
ਧਮਕੀ ਭਰੀ ਈਮੇਲ ਵਿੱਚ ਕੁਝ ਵਿਅਕਤੀਆਂ ਅਤੇ ਇੱਕ ਕਥਿਤ ਸੰਗਠਨ ਦਾ ਨਾਮ ਵੀ ਦਰਜ ਕੀਤਾ ਗਿਆ ਹੈ। ਈਮੇਲ ਵਿੱਚ ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਲ ਇੰਜੀਨੀਅਰ ਗੁਰਨਾਖ ਸਿੰਘ, ਰੁਕਨ ਸ਼ਾਹਵਾਲ, ਡਾ. ਗੁਰਨਵੀਰ ਸਿੰਘ ਅਤੇ ਖਾਨ ਰਜ਼ਾਦਾ ਦੇ ਨਾਮ ਲਿਖੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਅਜੇ ਤੱਕ ਇਨ੍ਹਾਂ ਦਾਵਿਆਂ ਦੀ ਪੁਸ਼ਟੀ ਨਹੀਂ ਹੋਈ।
ਮੇਅਰ ਦੇ ਕੈਂਪ ਦਫ਼ਤਰ ‘ਤੇ ਵਧਾਈ ਗਈ ਸੁਰੱਖਿਆ
ਧਮਕੀ ਮਿਲਣ ਤੋਂ ਤੁਰੰਤ ਬਾਅਦ ਮੇਅਰ ਦੇ ਕੈਂਪ ਦਫ਼ਤਰ ਅਤੇ ਹੋਰ ਸੰਵੇਦਨਸ਼ੀਲ ਥਾਵਾਂ ‘ਤੇ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ। ਪੁਲਿਸ ਅਤੇ ਖੁਫੀਆ ਏਜੰਸੀਆਂ ਵੱਲੋਂ ਈਮੇਲ ਦੇ ਸਰੋਤ ਅਤੇ ਇਸ ਦੇ ਪਿੱਛੇ ਛੁਪੇ ਲੋਕਾਂ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ।
ਸਾਈਬਰ ਸੈੱਲ ਵੀ ਕਰ ਰਹੀ ਜਾਂਚ
ਪੁਲਿਸ ਦੀ ਸਾਈਬਰ ਟੀਮ ਨੂੰ ਵੀ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਈਮੇਲ ਕਿੱਥੋਂ ਭੇਜੀ ਗਈ ਅਤੇ ਕੀ ਇਸ ਦੇ ਪਿੱਛੇ ਕੋਈ ਸੰਗਠਿਤ ਸਾਜ਼ਿਸ਼ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਪੱਖ ਤੋਂ ਜਾਂਚ ਜਾਰੀ ਹੈ ਅਤੇ ਸੁਰੱਖਿਆ ਨੂੰ ਲੈ ਕੇ ਕੋਈ ਕਮੀ ਨਹੀਂ ਛੱਡੀ ਜਾਵੇਗੀ।

