ਅੰਮ੍ਰਿਤਸਰ :- ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਮਜੀਠ ਮੰਡੀ ਦੇ ਵਪਾਰੀਆਂ ਨੇ ਤਿੰਨ ਦਿਨ ਲਈ ਮੰਡੀ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ‘ਦਿ ਫੈੱਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ’ ਦੇ ਪ੍ਰਧਾਨ ਅਨਿਲ ਮਹਿਰਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦੋ ਜੁਲਾਈ ਤੋਂ ਚਾਰ ਜੁਲਾਈ ਤੱਕ ਮਜੀਠ ਮੰਡੀ ਵਿੱਚ ਸਾਰਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਰਹੇਗਾ।
ਵਪਾਰੀਆਂ ਨੂੰ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ
ਪ੍ਰਧਾਨ ਅਨਿਲ ਮਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਵਪਾਰੀਆਂ ਲਈ ਗਰਮੀ ਦੀਆਂ ਛੁੱਟੀਆਂ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਕੰਮ ਵਿੱਚ ਰੁੱਝੇ ਰਹਿਣ ਕਾਰਨ ਵਪਾਰੀ ਵਰਗ ਨੂੰ ਆਪਣੇ ਪਰਿਵਾਰ ਲਈ ਸਮਾਂ ਨਹੀਂ ਮਿਲਦਾ, ਇਸ ਲਈ ਇਹ ਛੁੱਟੀਆਂ ਉਨ੍ਹਾਂ ਨੂੰ ਰੋਜ਼ਾਨਾ ਦੀ ਭੱਜਦੌੜ ਤੋਂ ਕੁਝ ਰਾਹਤ ਦੇਣ ਲਈ ਰੱਖੀਆਂ ਗਈਆਂ ਹਨ।
ਤਿੰਨ ਦਿਨ ਬਾਅਦ ਮੁੜ ਖੁੱਲ੍ਹੇਗੀ ਮੰਡੀ
ਐਸੋਸੀਏਸ਼ਨ ਮੁਤਾਬਕ ਤਿੰਨ ਦਿਨਾਂ ਦੌਰਾਨ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਖਰੀਦੋ-ਫ਼ਰੋਖ਼ਤ ਨਹੀਂ ਹੋਵੇਗੀ। ਚਾਰ ਜੁਲਾਈ ਤੋਂ ਬਾਅਦ ਮੰਡੀ ਮੁੜ ਆਪਣੇ ਆਮ ਸਮੇਂ ਅਨੁਸਾਰ ਖੁੱਲ੍ਹੇਗੀ ਅਤੇ ਕਾਰੋਬਾਰ ਪਹਿਲਾਂ ਵਾਂਗ ਸ਼ੁਰੂ ਕਰ ਦਿੱਤਾ ਜਾਵੇਗਾ।

