ਚੰਡੀਗੜ੍ਹ :- ਪੰਜਾਬ ਯੂਨੀਵਰਸਿਟੀ ਨੇ ਅਕਾਦਮਿਕ ਸਾਲ 2026-27 ਲਈ ਐਨਆਰਆਈ ਕੋਟੇ ਦੇ ਦਾਖਲਾ ਨਿਯਮਾਂ ਵਿੱਚ ਅਹਿਮ ਤਬਦੀਲੀਆਂ ਕਰਦਿਆਂ ਪ੍ਰਕਿਰਿਆ ਨੂੰ ਹੋਰ ਸਖ਼ਤ ਬਣਾ ਦਿੱਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹ ਕਦਮ ਐਨਆਰਆਈ ਕੋਟੇ ਦੀ ਗਲਤ ਵਰਤੋਂ ਨੂੰ ਰੋਕਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਤਾਂ ਜੋ ਸਿਰਫ਼ ਯੋਗ ਵਿਦਿਆਰਥੀਆਂ ਨੂੰ ਹੀ ਇਸ ਕੋਟੇ ਦਾ ਲਾਭ ਮਿਲ ਸਕੇ।
ਹੁਣ ਰਿਸ਼ਤੇਦਾਰਾਂ ਦੇ ਆਧਾਰ ‘ਤੇ ਨਹੀਂ ਮਿਲੇਗਾ ਲਾਭ
ਨਵੇਂ ਨਿਯਮਾਂ ਅਨੁਸਾਰ ਹੁਣ ਕੇਵਲ ਅਸਲ ਐਨਆਰਆਈ ਉਮੀਦਵਾਰ ਜਾਂ ਉਨ੍ਹਾਂ ਦੇ ਮਾਪੇ ਹੀ ਇਸ ਕੋਟੇ ਅਧੀਨ ਦਾਖਲੇ ਲਈ ਯੋਗ ਮੰਨੇ ਜਾਣਗੇ। ਪਹਿਲਾਂ ਕਈ ਮਾਮਲਿਆਂ ਵਿੱਚ ਚਾਚੇ, ਮਾਮੇ, ਦਾਦਾ-ਦਾਦੀ ਜਾਂ ਹੋਰ ਨੇੜਲੇ ਰਿਸ਼ਤੇਦਾਰਾਂ ਦੇ ਆਧਾਰ ‘ਤੇ ਵੀ ਵਿਦਿਆਰਥੀਆਂ ਨੂੰ ਐਨਆਰਆਈ ਕੋਟੇ ਦਾ ਲਾਭ ਮਿਲ ਜਾਂਦਾ ਸੀ, ਪਰ ਹੁਣ ਯੂਨੀਵਰਸਿਟੀ ਨੇ ਅਜਿਹੀਆਂ ਸਾਰੀਆਂ ਸ਼੍ਰੇਣੀਆਂ ਨੂੰ ਖਤਮ ਕਰ ਦਿੱਤਾ ਹੈ।
ਐਨਆਰਆਈ ਅਤੇ ਵਿਦੇਸ਼ੀ ਵਿਦਿਆਰਥੀਆਂ ਲਈ ਸੀਟਾਂ ਰਹਿਣਗੀਆਂ ਰਾਖਵੀਆਂ
ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਐਨਆਰਆਈ ਅਤੇ ਉਨ੍ਹਾਂ ਦੇ ਬੱਚਿਆਂ ਲਈ ਪਹਿਲਾਂ ਵਾਂਗ 10 ਫੀਸਦੀ ਵਾਧੂ ਸੀਟਾਂ ਰਾਖਵੀਆਂ ਰਹਿਣਗੀਆਂ। ਇਸ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਲਈ 25 ਫੀਸਦੀ ਸੀਟਾਂ ਵੱਖਰੇ ਤੌਰ ‘ਤੇ ਰਾਖਵੀਆਂ ਕੀਤੀਆਂ ਗਈਆਂ ਹਨ, ਤਾਂ ਜੋ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਮੌਕੇ ਮਿਲ ਸਕਣ।
ਦਾਖਲੇ ਲਈ ਜ਼ਰੂਰੀ ਦਸਤਾਵੇਜ਼ ਕਰਵਾਉਣੇ ਹੋਣਗੇ ਜਮ੍ਹਾਂ
ਐਨਆਰਆਈ ਕੋਟੇ ਅਧੀਨ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਹੁਣ ਆਪਣਾ ਐਨਆਰਆਈ ਦਰਜਾ ਸਾਬਤ ਕਰਨ ਲਈ ਲਾਜ਼ਮੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ। ਇਨ੍ਹਾਂ ਵਿੱਚ ਪਾਸਪੋਰਟ, ਵੀਜ਼ਾ ਅਤੇ ਵਿਦੇਸ਼ ਵਿੱਚ ਨਿਵਾਸ ਸਬੰਧੀ ਅਧਿਕਾਰਤ ਸਬੂਤ ਸ਼ਾਮਲ ਹੋਣਗੇ। ਯੂਨੀਵਰਸਿਟੀ ਵੱਲੋਂ ਦਸਤਾਵੇਜ਼ਾਂ ਦੀ ਪੂਰੀ ਜਾਂਚ ਤੋਂ ਬਾਅਦ ਹੀ ਦਾਖਲੇ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਵਿਦੇਸ਼ੀ ਵਿਦਿਆਰਥੀਆਂ ਲਈ ਹੋਸਟਲਾਂ ਵਿੱਚ ਖ਼ਾਸ ਸਹੂਲਤਾਂ
ਪੰਜਾਬ ਯੂਨੀਵਰਸਿਟੀ ਵਿੱਚ ਐਨਆਰਆਈ ਅਤੇ ਵਿਦੇਸ਼ੀ ਵਿਦਿਆਰਥੀਆਂ ਲਈ ਵੱਖਰੀਆਂ ਹੋਸਟਲ ਸਹੂਲਤਾਂ ਵੀ ਉਪਲਬਧ ਹਨ। ਯੂਨੀਵਰਸਿਟੀ ਕੈਂਪਸ ਵਿੱਚ ਲਗਭਗ 55 ਕਮਰੇ ਤਿਆਰ ਕੀਤੇ ਗਏ ਹਨ, ਜਿੱਥੇ ਵਿਦਿਆਰਥੀਆਂ ਨੂੰ ਵਾਈ-ਫਾਈ ਇੰਟਰਨੈਟ, ਮੈਸ, ਡਾਇਨਿੰਗ ਹਾਲ, ਕੰਟੀਨ, ਸਾਫ਼ ਪੀਣ ਵਾਲਾ ਪਾਣੀ ਅਤੇ ਕੂਲਰ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਮਨੋਰੰਜਨ ਅਤੇ ਸਰੀਰਕ ਤੰਦਰੁਸਤੀ ਲਈ ਬੈਡਮਿੰਟਨ ਅਤੇ ਵਾਲੀਬਾਲ ਵਰਗੀਆਂ ਖੇਡ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।

