ਕੈਨੇਡਾ ਤੋਂ ਇਕ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਕ੍ਰਿਕਟ ਕੈਨੇਡਾ ਦੇ ਨਵੇਂ ਚੁਣੇ ਗਏ ਪ੍ਰਧਾਨ ਅਰਵਿੰਦਰ ਖੋਸਾ ਦੇ ਘਰ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੇ ਜਾਣ ਦੀ ਘਟਨਾ ਨੇ ਹੜਕੰਪ ਮਚਾ ਦਿੱਤਾ ਹੈ। ਰਿਪੋਰਟਾਂ ਮੁਤਾਬਕ ਇਹ ਹਮਲਾ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਸਵੇਰੇ ਕਰੀਬ 4:40 ਵਜੇ ਕੀਤਾ ਗਿਆ।
ਘਰ ਦੇ ਦਰਵਾਜ਼ਿਆਂ ਤੇ ਖਿੜਕੀਆਂ ‘ਤੇ ਮਿਲੇ ਗੋਲੀਆਂ ਦੇ ਨਿਸ਼ਾਨ
ਪੁਲਿਸ ਅਨੁਸਾਰ ਹਮਲਾਵਰਾਂ ਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਰਾਊਂਡ ਫਾਇਰਿੰਗ ਕੀਤੀ। ਘਰ ਦੇ ਮੁੱਖ ਦਰਵਾਜ਼ਿਆਂ, ਖਿੜਕੀਆਂ ਅਤੇ ਬਾਹਰੀ ਕੰਧਾਂ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਉਸ ਸਮੇਂ ਅਰਵਿੰਦਰ ਖੋਸਾ ਦਾ ਪੂਰਾ ਪਰਿਵਾਰ ਘਰ ਅੰਦਰ ਮੌਜੂਦ ਸੀ, ਪਰ ਖੁਸ਼ਕਿਸਮਤੀ ਨਾਲ ਕਿਸੇ ਵੀ ਮੈਂਬਰ ਨੂੰ ਸਰੀਰਕ ਨੁਕਸਾਨ ਨਹੀਂ ਪਹੁੰਚਿਆ।
ਜਬਰਨ ਵਸੂਲੀ ਦੇ ਐਂਗਲ ਤੋਂ ਜਾਂਚ ਕਰ ਰਹੀ ਪੁਲਿਸ
ਸ਼ੁਰੂਆਤੀ ਜਾਂਚ ਵਿੱਚ ਪੁਲਿਸ ਜਬਰਨ ਵਸੂਲੀ ਦੇ ਸੰਭਾਵਿਤ ਮਾਮਲੇ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਅੱਗੇ ਵਧਾ ਰਹੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।
ਕੈਨੇਡਾ ਵਿੱਚ ਪਹਿਲਾਂ ਵੀ ਹੋ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਨੇਡਾ ਵਿੱਚ ਇਸ ਤਰ੍ਹਾਂ ਦੀ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ ਭਾਰਤੀ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਤੇ ਵੀ ਗੋਲੀਆਂ ਚਲਾਉਣ ਦਾ ਮਾਮਲਾ ਚਰਚਾ ਵਿੱਚ ਰਿਹਾ ਸੀ, ਜਿਸ ਵਿੱਚ ਕਥਿਤ ਤੌਰ ‘ਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਸਾਹਮਣੇ ਆਇਆ ਸੀ।
9 ਅਪ੍ਰੈਲ ਨੂੰ ਬਣੇ ਸਨ ਕ੍ਰਿਕਟ ਕੈਨੇਡਾ ਦੇ ਪ੍ਰਧਾਨ
ਅਰਵਿੰਦਰ ਖੋਸਾ ਨੂੰ ਹਾਲ ਹੀ ਵਿੱਚ ਕ੍ਰਿਕਟ ਕੈਨੇਡਾ ਦਾ ਪ੍ਰਧਾਨ ਚੁਣਿਆ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ 9 ਅਪ੍ਰੈਲ ਨੂੰ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਇਹ ਚੋਣ ਹੋਈ ਸੀ। ਇਸ ਤੋਂ ਪਹਿਲਾਂ ਵੀ ਉਹ ਕ੍ਰਿਕਟ ਬੀਸੀ ਦੇ ਪ੍ਰਧਾਨ ਰਹਿ ਚੁੱਕੇ ਹਨ।
ਭ੍ਰਿਸ਼ਟਾਚਾਰ ਅਤੇ ਮੈਚ ਫਿਕਸਿੰਗ ਦੇ ਦੋਸ਼ ਵੀ ਰਹੇ ਚਰਚਾ ਵਿੱਚ
ਪਿਛਲੇ ਮਹੀਨੇ ਕੈਨੇਡਾ ਦੇ ਪ੍ਰਸਿੱਧ ਪ੍ਰੋਗਰਾਮ “ਫਿਫਥ ਅਸਟੇਟ” ਦੀ ਇੱਕ ਜਾਂਚ ਰਿਪੋਰਟ ਵਿੱਚ ਕ੍ਰਿਕਟ ਕੈਨੇਡਾ ਦੇ ਅੰਦਰ ਭ੍ਰਿਸ਼ਟਾਚਾਰ, ਮੈਚ ਫਿਕਸਿੰਗ ਅਤੇ ਸੰਗਠਿਤ ਅਪਰਾਧ ਨਾਲ ਸਬੰਧਾਂ ਦੇ ਗੰਭੀਰ ਦੋਸ਼ ਲਗਾਏ ਗਏ ਸਨ। ਹਾਲਾਂਕਿ ਸੰਬੰਧਤ ਧਿਰਾਂ ਵੱਲੋਂ ਇਹ ਦੋਸ਼ ਨਕਾਰ ਦਿੱਤੇ ਗਏ ਸਨ।
ਲਾਰੈਂਸ ਬਿਸ਼ਨੋਈ ਗੈਂਗ ਨਾਲ ਜੋੜ ਕੇ ਵੀ ਹੋ ਰਹੀ ਜਾਂਚ
ਸੂਤਰਾਂ ਅਨੁਸਾਰ ਜਾਂਚ ਏਜੰਸੀਆਂ ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਭਾਵਿਤ ਕਨੈਕਸ਼ਨ ਨੂੰ ਵੀ ਖੰਗਾਲ ਰਹੀਆਂ ਹਨ। ਕੁਝ ਰਿਪੋਰਟਾਂ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਖੋਸਾ ਦੇ ਕੁਝ ਅਜਿਹੇ ਸਥਾਨਕ ਖਿਡਾਰੀਆਂ ਨਾਲ ਸਬੰਧ ਸਨ ਜੋ ਆਪਣੇ ਆਪ ਨੂੰ ਇਸ ਗੈਂਗ ਨਾਲ ਜੋੜਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ‘ਤੇ 2025 ਵਿੱਚ ਕੈਨੇਡੀਅਨ ਰਾਸ਼ਟਰੀ ਟੀਮ ਦੇ ਇੱਕ ਖਿਡਾਰੀ ਨੂੰ ਧਮਕੀ ਦੇਣ ਦੇ ਦੋਸ਼ ਵੀ ਲੱਗੇ ਸਨ, ਜਿਨ੍ਹਾਂ ਨੂੰ ਖੋਸਾ ਨੇ ਸਿਰੇ ਤੋਂ ਖਾਰਜ ਕੀਤਾ ਸੀ।

