ਚੰਡੀਗੜ੍ਹ :- ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਮੋਗਾ ਵਿੱਚ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਮਾਲ ਅਫਸਰ ਦੇ ਰੀਡਰ ਨੂੰ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਦਵਿੰਦਰ ਪਾਲ ਵਜੋਂ ਹੋਈ ਹੈ, ਜਿਸ ‘ਤੇ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹਨ।
ਸ਼ਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਨੇ ਵਿਛਾਇਆ ਜਾਲ
ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਚੱਕ ਕਨੀਆਂ ਖੁਰਦ ਦੇ ਰਹਿਣ ਵਾਲੇ ਮਨੋਹਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਉਸਦੀ ਪਰਿਵਾਰਕ ਜ਼ਮੀਨ ਦੀ ਤਕਸੀਮ ਨਾਲ ਸੰਬੰਧਤ ਮਾਮਲੇ ਵਿੱਚ ਫਾਈਲ ਨੂੰ ਅੱਗੇ ਵਧਾਉਣ ਲਈ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ।
13 ਕਿਲੇ ਜ਼ਮੀਨ ਦੇ ਕੇਸ ਨੂੰ ਲੈ ਕੇ ਮੰਗੀ ਗਈ ਸੀ ਵੱਡੀ ਰਕਮ
ਸੂਤਰਾਂ ਮੁਤਾਬਕ ਮਨੋਹਰ ਸਿੰਘ ਦਾ ਪੁੱਤਰ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਅਤੇ ਪਰਿਵਾਰ ਦੀ ਕਰੀਬ 13 ਕਿਲੇ ਜ਼ਮੀਨ ਦੀ ਤਕਸੀਮ ਸਬੰਧੀ ਕੇਸ ਡੀ.ਆਰ.ਓ. ਦਫ਼ਤਰ ਵਿੱਚ ਚੱਲ ਰਿਹਾ ਸੀ। ਦੋਸ਼ ਹੈ ਕਿ ਕੇਸ ਦਾ ਨਿਪਟਾਰਾ ਜਲਦੀ ਕਰਵਾਉਣ ਦੇ ਨਾਂ ‘ਤੇ ਰੀਡਰ ਵੱਲੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।
20 ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਵਿਜੀਲੈਂਸ ਟੀਮ ਨੇ ਸ਼ਿਕਾਇਤ ਦੀ ਜਾਂਚ ਮਗਰੋਂ ਯੋਜਨਾਬੱਧ ਢੰਗ ਨਾਲ ਟਰੈਪ ਲਗਾਇਆ ਅਤੇ ਮੁਲਜ਼ਮ ਨੂੰ 20 ਹਜ਼ਾਰ ਰੁਪਏ ਦੀ ਰਕਮ ਲੈਂਦਿਆਂ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।

