ਅਮਰੀਕਾ :- ਸਾਲਾਂ ਤੋਂ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਉੱਚ ਸਿੱਖਿਆ ਅਤੇ ਚੰਗੇ ਭਵਿੱਖ ਦਾ ਸਭ ਤੋਂ ਵੱਡਾ ਕੇਂਦਰ ਮੰਨਿਆ ਜਾਂਦਾ ਰਿਹਾ ਹੈ। ਅਮਰੀਕੀ ਯੂਨੀਵਰਸਿਟੀਆਂ ਦੀ ਡਿਗਰੀ ਤੋਂ ਬਾਅਦ ਨੌਕਰੀ, ਫਿਰ ਐੱਚ-1-ਬੀ ਵੀਜ਼ਾ ਅਤੇ ਆਖ਼ਰਕਾਰ ਗ੍ਰੀਨ ਕਾਰਡ ਹਾਸਲ ਕਰਨ ਦਾ ਸੁਪਨਾ ਲੈ ਕੇ ਹਰ ਸਾਲ ਹਜ਼ਾਰਾਂ ਵਿਦਿਆਰਥੀ ਵਿਦੇਸ਼ ਜਾਂਦੇ ਹਨ। ਪਰ ਹੁਣ ਅਮਰੀਕੀ ਪ੍ਰਸ਼ਾਸਨ ਵੱਲੋਂ ਓਪੀਟੀ ਪ੍ਰੋਗਰਾਮ ‘ਤੇ ਕੀਤੀ ਜਾ ਰਹੀ ਸਖ਼ਤੀ ਨੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਫ਼ਰਜ਼ੀ ਨੌਕਰੀਆਂ ਅਤੇ ਕਾਗਜ਼ੀ ਕੰਪਨੀਆਂ ‘ਤੇ ਕਾਰਵਾਈ ਸ਼ੁਰੂ
ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਏਜੰਸੀ ਵੱਲੋਂ ਹਜ਼ਾਰਾਂ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਜਾਂਚ ਦੌਰਾਨ ਕਈ ਅਜਿਹੀਆਂ ਕੰਪਨੀਆਂ ਸਾਹਮਣੇ ਆਈਆਂ ਹਨ, ਜਿੱਥੇ ਵਿਦਿਆਰਥੀਆਂ ਨੂੰ ਸਿਰਫ਼ ਕਾਗਜ਼ਾਂ ਵਿੱਚ ਨੌਕਰੀ ‘ਤੇ ਦਿਖਾਇਆ ਗਿਆ। ਕੁਝ ਥਾਵਾਂ ‘ਤੇ ਖਾਲੀ ਇਮਾਰਤਾਂ ਅਤੇ ਰਿਹਾਇਸ਼ੀ ਮਕਾਨਾਂ ਨੂੰ ਕੰਪਨੀ ਦਫ਼ਤਰ ਵਜੋਂ ਵਰਤਣ ਦੇ ਦੋਸ਼ ਵੀ ਸਾਹਮਣੇ ਆਏ ਹਨ।
ਭਾਰਤੀ ਵਿਦਿਆਰਥੀਆਂ ‘ਤੇ ਸਭ ਤੋਂ ਵੱਧ ਅਸਰ ਦਾ ਖ਼ਦਸ਼ਾ
ਤਕਨਾਲੋਜੀ, ਇੰਜੀਨੀਅਰਿੰਗ ਅਤੇ ਵਿਗਿਆਨ ਦੇ ਖੇਤਰਾਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਓਪੀਟੀ ਪ੍ਰੋਗਰਾਮ ਦਾ ਸਭ ਤੋਂ ਵੱਧ ਲਾਭ ਲੈਂਦੇ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਨਵੇਂ ਨਿਯਮਾਂ ਅਤੇ ਵਧਦੀ ਜਾਂਚ ਕਾਰਨ ਸਭ ਤੋਂ ਵੱਡਾ ਪ੍ਰਭਾਵ ਵੀ ਭਾਰਤੀ ਭਾਈਚਾਰੇ ‘ਤੇ ਹੀ ਪਵੇਗਾ। ਕਈ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਬਾਅਦ ਅਮਰੀਕਾ ਵਿੱਚ ਟਿਕੇ ਰਹਿਣਾ ਮੁਸ਼ਕਲ ਹੋ ਸਕਦਾ ਹੈ।
ਹੁਣ ਅਸਲੀ ਵਿਦਿਆਰਥੀਆਂ ਦੀ ਵੀ ਹੋਵੇਗੀ ਸਖ਼ਤ ਜਾਂਚ
ਇਮੀਗ੍ਰੇਸ਼ਨ ਮਾਹਿਰਾਂ ਅਨੁਸਾਰ ਹੁਣ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਵਿਦਿਆਰਥੀਆਂ ਨੂੰ ਵੀ ਵਾਧੂ ਦਸਤਾਵੇਜ਼ ਦੇਣੇ ਪੈ ਸਕਦੇ ਹਨ। ਨੌਕਰੀ ਦੇ ਪੱਤਰ, ਤਨਖ਼ਾਹ ਸਲਿੱਪ, ਕੰਮ ਵਾਲੀ ਥਾਂ ਦੇ ਸਬੂਤ ਅਤੇ ਟ੍ਰੇਨਿੰਗ ਰਿਕਾਰਡ ਵਰਗੇ ਦਸਤਾਵੇਜ਼ ਮੰਗੇ ਜਾਣ ਦੀ ਸੰਭਾਵਨਾ ਹੈ। ਅਧਿਕਾਰੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਵਿਦਿਆਰਥੀ ਉਸੇ ਖੇਤਰ ਵਿੱਚ ਕੰਮ ਕਰ ਰਹੇ ਹਨ, ਜਿਸ ਦੀ ਉਨ੍ਹਾਂ ਨੇ ਪੜ੍ਹਾਈ ਕੀਤੀ ਹੈ।
ਓਪੀਟੀ ਪ੍ਰੋਗਰਾਮ ਦੇ ਨਿਯਮ ਹੋ ਸਕਦੇ ਹਨ ਹੋਰ ਸਖ਼ਤ
ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਪ੍ਰਸ਼ਾਸਨ ਪੂਰੀ ਤਰ੍ਹਾਂ ਓਪੀਟੀ ਬੰਦ ਕਰਨ ਦੀ ਬਜਾਏ ਇਸ ਦੇ ਨਿਯਮ ਹੋਰ ਕੜੇ ਕਰ ਸਕਦਾ ਹੈ। ਗ੍ਰੇਸ ਪੀਰੀਅਡ ਘਟਾਉਣ, ਵਾਧੂ ਜਾਂਚ ਅਤੇ ਵੀਜ਼ਾ ਮਿਆਦ ਖ਼ਤਮ ਹੋਣ ‘ਤੇ ਤੁਰੰਤ ਕਾਰਵਾਈ ਵਰਗੇ ਕਦਮਾਂ ‘ਤੇ ਵਿਚਾਰ ਹੋ ਰਿਹਾ ਹੈ। ਇਸ ਨਾਲ ਵਿਦਿਆਰਥੀਆਂ ‘ਤੇ ਜਲਦੀ ਨੌਕਰੀ ਲੱਭਣ ਜਾਂ ਅਮਰੀਕਾ ਛੱਡਣ ਦਾ ਦਬਾਅ ਵੱਧ ਸਕਦਾ ਹੈ।
ਐੱਚ-1-ਬੀ ਕਰਮਚਾਰੀਆਂ ਦੀਆਂ ਵੀ ਵਧੀਆਂ ਚਿੰਤਾਵਾਂ
ਅਮਰੀਕਾ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਐੱਚ-1-ਬੀ ਵੀਜ਼ਾ ਧਾਰਕਾਂ ਲਈ ਵੀ ਹਾਲਾਤ ਆਸਾਨ ਨਹੀਂ ਰਹੇ। ਨੌਕਰੀ ਛੱਡਣ ਜਾਂ ਖ਼ਤਮ ਹੋਣ ਤੋਂ ਬਾਅਦ ਨਵੀਂ ਨੌਕਰੀ ਲੱਭਣ ਲਈ ਮਿਲਣ ਵਾਲੀ ਮਿਆਦ ਹੁਣ ਪਹਿਲਾਂ ਵਾਂਗ ਸੁਰੱਖਿਅਤ ਨਹੀਂ ਮੰਨੀ ਜਾ ਰਹੀ। ਇਮੀਗ੍ਰੇਸ਼ਨ ਮਾਹਿਰਾਂ ਮੁਤਾਬਕ ਹੁਣ ਹਰ ਤਰ੍ਹਾਂ ਦੀਆਂ ਅਰਜ਼ੀਆਂ ‘ਤੇ ਵਧੇਰੇ ਜਾਂਚ ਕੀਤੀ ਜਾ ਰਹੀ ਹੈ।
ਵਿਦਿਆਰਥੀਆਂ ਨੂੰ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ
ਇਮੀਗ੍ਰੇਸ਼ਨ ਮਾਹਿਰ ਵਿਦਿਆਰਥੀਆਂ ਨੂੰ ਹੁਣ ਪਹਿਲਾਂ ਤੋਂ ਕਰੀਅਰ ਅਤੇ ਕਾਨੂੰਨੀ ਯੋਜਨਾ ਤਿਆਰ ਕਰਨ ਦੀ ਸਲਾਹ ਦੇ ਰਹੇ ਹਨ। ਕਈ ਵਿਦਿਆਰਥੀਆਂ ਨੂੰ ਹੋਰ ਵੀਜ਼ਾ ਵਿਕਲਪਾਂ ਅਤੇ ਖਾਸ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਰਸਤਿਆਂ ਬਾਰੇ ਵੀ ਸੋਚਣ ਲਈ ਕਿਹਾ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬਦਲਦੇ ਹਾਲਾਤਾਂ ਵਿੱਚ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਪੂਰੀ ਰਣਨੀਤੀ ਨਾਲ ਅੱਗੇ ਵਧਣਾ ਲਾਜ਼ਮੀ ਹੋਵੇਗਾ।
ਭਾਰਤੀ ਆਈਟੀ ਕੰਪਨੀਆਂ ਵੀ ਏਜੰਸੀਆਂ ਦੀ ਨਿਗਰਾਨੀ ਹੇਠ
ਅਮਰੀਕੀ ਏਜੰਸੀਆਂ ਹੁਣ ਉਨ੍ਹਾਂ ਕੰਪਨੀਆਂ ‘ਤੇ ਵੀ ਨਜ਼ਰ ਰੱਖ ਰਹੀਆਂ ਹਨ, ਜਿੱਥੇ ਵੱਡੀ ਗਿਣਤੀ ਵਿੱਚ ਓਪੀਟੀ ਵਿਦਿਆਰਥੀ ਕੰਮ ਕਰ ਰਹੇ ਹਨ। ਖ਼ਾਸ ਕਰਕੇ ਭਾਰਤੀ ਆਈਟੀ ਕੰਪਨੀਆਂ, ਸਟਾਫਿੰਗ ਏਜੰਸੀਆਂ ਅਤੇ ਥਰਡ ਪਾਰਟੀ ਪਲੇਸਮੈਂਟ ਕੰਪਨੀਆਂ ਦੀ ਜਾਂਚ ਵਧ ਸਕਦੀ ਹੈ। ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਕੁਝ ਕੰਪਨੀਆਂ ਸਿਰਫ਼ ਵੀਜ਼ਾ ਸਟੇਟਸ ਬਚਾਉਣ ਲਈ ਵਿਦਿਆਰਥੀਆਂ ਨੂੰ ਕਾਗਜ਼ਾਂ ਵਿੱਚ ਨੌਕਰੀ ‘ਤੇ ਦਿਖਾ ਰਹੀਆਂ ਹਨ।

