ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਯੁਕਤ ਅਰਬ ਅਮੀਰਾਤ ਦੌਰੇ ਦੌਰਾਨ ਯੂਏਈ ਦੀ ਅਗਵਾਈ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਕਟ ਦੇ ਸਮੇਂ ਭਾਰਤ ਆਪਣੇ ਦੋਸਤ ਦੇਸ਼ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਦਾ ਪ੍ਰਭਾਵ ਸਿਰਫ਼ ਖੇਤਰ ਤੱਕ ਸੀਮਿਤ ਨਹੀਂ, ਸਗੋਂ ਪੂਰੀ ਦੁਨੀਆ ‘ਤੇ ਪੈ ਰਿਹਾ ਹੈ।
ਯੂਏਈ ਨੂੰ ਦੱਸਿਆ ਆਪਣਾ ਦੂਜਾ ਘਰ
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਯੂਏਈ ਨੂੰ ਭਾਰਤ ਦਾ ਕਰੀਬੀ ਸਾਥੀ ਅਤੇ ਆਪਣਾ “ਦੂਜਾ ਘਰ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਚੁਣੌਤੀਪੂਰਨ ਹਾਲਾਤਾਂ ਵਿੱਚ ਯੂਏਈ ਵੱਲੋਂ ਦਿਖਾਈ ਗਈ ਸੰਜੀਦਗੀ ਅਤੇ ਹੌਸਲੇ ਦੀ ਭਾਰਤ ਵੱਲੋਂ ਕਦਰ ਕੀਤੀ ਜਾਂਦੀ ਹੈ। ਉਨ੍ਹਾਂ ਕੁਦਰਤੀ ਆਫ਼ਤਾਂ ਦੌਰਾਨ ਭਾਰਤ ਪ੍ਰਤੀ ਦਿਖਾਈ ਗਈ ਹਮਦਰਦੀ ਲਈ ਵੀ ਯੂਏਈ ਦਾ ਧੰਨਵਾਦ ਕੀਤਾ।
ਯੂਏਈ ‘ਤੇ ਹਮਲਿਆਂ ਦੀ ਕੀਤੀ ਨਿਖੇਧੀ
ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਯੂਏਈ ‘ਤੇ ਹੋਏ ਹਮਲਿਆਂ ਨੂੰ ਗੰਭੀਰ ਅਤੇ ਅਸਵੀਕਾਰਯੋਗ ਕਰਾਰ ਦਿੰਦਿਆਂ ਉਨ੍ਹਾਂ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਸੁਰੱਖਿਆ ਅਤੇ ਖੇਤਰੀ ਅਖੰਡਤਾ ‘ਤੇ ਹਮਲਾ ਕਦੇ ਵੀ ਕਬੂਲ ਨਹੀਂ ਕੀਤਾ ਜਾ ਸਕਦਾ। ਮੋਦੀ ਨੇ ਯੂਏਈ ਦੇ ਰਾਸ਼ਟਰਪਤੀ ਦੀ ਅਗਵਾਈ ਹੇਠ ਚੁੱਕੇ ਗਏ ਕਦਮਾਂ ਦੀ ਵੀ ਪ੍ਰਸ਼ੰਸਾ ਕੀਤੀ।
ਕੂਟਨੀਤੀ ਨੂੰ ਦੱਸਿਆ ਹੱਲ ਦਾ ਰਸਤਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹਮੇਸ਼ਾ ਗੱਲਬਾਤ ਅਤੇ ਕੂਟਨੀਤਿਕ ਹੱਲ ਦਾ ਸਮਰਥਕ ਰਿਹਾ ਹੈ। ਉਨ੍ਹਾਂ ਹੋਰਮੁਜ਼ ਜਲਡਮਰੂ ਨੂੰ ਸੁਰੱਖਿਅਤ ਅਤੇ ਖੁੱਲ੍ਹਾ ਰੱਖਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ ਤਾਂ ਜੋ ਵਿਸ਼ਵ ਪੱਧਰ ‘ਤੇ ਊਰਜਾ ਸਪਲਾਈ ਪ੍ਰਭਾਵਿਤ ਨਾ ਹੋਵੇ।
ਐਫ-16 ਜਹਾਜ਼ਾਂ ਨੇ ਕੀਤਾ ਪ੍ਰਧਾਨ ਮੰਤਰੀ ਦੇ ਜਹਾਜ਼ ਦਾ ਸਵਾਗਤ
ਯੂਏਈ ਹਵਾਈ ਖੇਤਰ ਵਿੱਚ ਦਾਖਲ ਹੋਣ ਸਮੇਂ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਐਫ-16 ਲੜਾਕੂ ਜਹਾਜ਼ਾਂ ਵੱਲੋਂ ਐਸਕਾਰਟ ਕੀਤਾ ਗਿਆ। ਆਬੂਧਾਬੀ ਹਵਾਈ ਅੱਡੇ ‘ਤੇ ਯੂਏਈ ਦੇ ਰਾਸ਼ਟਰਪਤੀ ਨੇ ਖੁਦ ਪਹੁੰਚ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
ਐਲਪੀਜੀ ਅਤੇ ਊਰਜਾ ਖੇਤਰ ਨਾਲ ਜੁੜੇ ਸਮਝੌਤਿਆਂ ‘ਤੇ ਚਰਚਾ
ਦੌਰੇ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਐਲਪੀਜੀ ਅਤੇ ਹੋਰ ਰਣਨੀਤਕ ਪ੍ਰੋਜੈਕਟਾਂ ਸਬੰਧੀ ਕਈ ਮਹੱਤਵਪੂਰਨ ਸਮਝੌਤਿਆਂ ‘ਤੇ ਵਿਚਾਰ ਕੀਤਾ ਗਿਆ। ਦੋਵਾਂ ਪੱਖਾਂ ਵੱਲੋਂ ਸਮਝੌਤਾ ਪੱਤਰਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ, ਹਾਲਾਂਕਿ ਉਨ੍ਹਾਂ ਦੇ ਵੇਰਵੇ ਅਧਿਕਾਰਕ ਤੌਰ ‘ਤੇ ਜਾਰੀ ਨਹੀਂ ਕੀਤੇ ਗਏ।

