ਬਰਨਾਲਾ :- ਬਰਨਾਲਾ ਵਿੱਚ ਸਰਕਾਰੀ ਜ਼ਮੀਨ ’ਤੇ ਵੱਡੇ ਪੱਧਰ ’ਤੇ ਹਰੇ ਅਤੇ ਪੁਰਾਣੇ ਰੁੱਖਾਂ ਦੀ ਕਥਿਤ ਗੈਰਕਾਨੂੰਨੀ ਕਟਾਈ ਦਾ ਮਾਮਲਾ ਗੰਭੀਰ ਰੂਪ ਧਾਰ ਗਿਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਬਣਾਈ ਗਈ ਸਾਂਝੀ ਜਾਂਚ ਕਮੇਟੀ ਨੇ ਆਪਣੀ ਮੁੱਢਲੀ ਰਿਪੋਰਟ ਵਿੱਚ ਕਿਹਾ ਹੈ ਕਿ ਫੁਹਾਰਾ ਚੌਕ ਨੇੜੇ ਇੰਪਰੂਵਮੈਂਟ ਟਰੱਸਟ ਦੀ ਜ਼ਮੀਨ ’ਤੇ ਬਿਨਾਂ ਮਨਜ਼ੂਰੀ ਰੁੱਖ ਕੱਟੇ ਅਤੇ ਪੁੱਟੇ ਗਏ ਹਨ। ਕਮੇਟੀ ਨੇ ਇਸ ਨੂੰ ਵਾਤਾਵਰਣ ਸੁਰੱਖਿਆ ਨਿਯਮਾਂ ਦੀ ਉਲੰਘਣਾ ਮੰਨਦਿਆਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਫੌਜਦਾਰੀ ਅਤੇ ਵਿਭਾਗੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ।
140 ਤੋਂ ਵੱਧ ਰੁੱਖਾਂ ਦੀ ਕਟਾਈ ਦੇ ਲੱਗੇ ਦੋਸ਼
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਵੱਲੋਂ ਐਨਜੀਟੀ ਵਿੱਚ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਗਿਆ ਕਿ ਫੁਹਾਰਾ ਚੌਕ ਇਲਾਕੇ ਵਿੱਚ ਕਰੀਬ 140 ਹਰੇ-ਭਰੇ ਅਤੇ ਵਿਰਾਸਤੀ ਰੁੱਖ ਜੇਸੀਬੀ ਮਸ਼ੀਨਾਂ ਨਾਲ ਉਖਾੜੇ ਗਏ। ਦੱਸਿਆ ਗਿਆ ਕਿ ਇਨ੍ਹਾਂ ਵਿੱਚ ਨਿੰਮ, ਪਿੱਪਲ, ਬੋਹੜ, ਸਾਗਵਾਨ, ਸ਼ਹਿਤੂਤ, ਕਿੱਕਰ ਅਤੇ ਟਾਹਲੀ ਵਰਗੇ ਰੁੱਖ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਕਈ ਦਹਾਕਿਆਂ ਪੁਰਾਣੇ ਸਨ।
ਜਾਂਚ ਦੌਰਾਨ ਮਿਲੇ ਕਟਾਈ ਦੇ ਸਬੂਤ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਵਾਤਾਵਰਣ ਮੰਤਰਾਲੇ ਅਤੇ ਪੰਜਾਬ ਵਣ ਵਿਭਾਗ ਦੇ ਅਧਿਕਾਰੀਆਂ ਵਾਲੀ ਸਾਂਝੀ ਕਮੇਟੀ ਨੇ 30 ਅਪ੍ਰੈਲ ਨੂੰ ਮੌਕੇ ਦਾ ਦੌਰਾ ਕੀਤਾ। ਨਿਰੀਖਣ ਦੌਰਾਨ ਉਥੇ ਮਿੱਟੀ ਦੇ ਤਾਜ਼ਾ ਢੇਰ, ਖੁਦਾਈ ਦੇ ਨਿਸ਼ਾਨ ਅਤੇ ਕੱਟੇ ਰੁੱਖਾਂ ਦੇ ਮੁੱਢ ਮਿਲੇ। ਕਮੇਟੀ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਰੁੱਖ ਕੱਟਣ ਸਬੰਧੀ ਕੋਈ ਮਨਜ਼ੂਰੀ ਪੱਤਰ ਜਾਂ ਰਿਕਾਰਡ ਪੇਸ਼ ਨਹੀਂ ਕਰ ਸਕੇ।
ਵਣ ਵਿਭਾਗ ਤੋਂ ਮਨਜ਼ੂਰੀ ਨਾ ਲੈਣ ਦੀ ਪੁਸ਼ਟੀ
ਰਿਪੋਰਟ ਵਿੱਚ ਇਹ ਵੀ ਦਰਜ ਕੀਤਾ ਗਿਆ ਕਿ ਟਰੱਸਟ ਦੇ ਨੁਮਾਇੰਦਿਆਂ ਨੇ ਮੰਨਿਆ ਕਿ ਰੁੱਖਾਂ ਦੀ ਕਟਾਈ ਤੋਂ ਪਹਿਲਾਂ ਵਣ ਵਿਭਾਗ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ। ਭਾਵੇਂ ਇਹ ਜ਼ਮੀਨ ਜੰਗਲਾਤ ਖੇਤਰ ਵਿੱਚ ਨਹੀਂ ਆਉਂਦੀ, ਪਰ ਪੰਜਾਬ ਦੇ ਨਿਯਮਾਂ ਅਨੁਸਾਰ ਵੱਡੇ ਰੁੱਖਾਂ ਦੀ ਕਟਾਈ ਲਈ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ।
ਸਥਾਨਕ ਲੋਕਾਂ ਨੇ ਟਰੱਸਟ ਅਧਿਕਾਰੀਆਂ ’ਤੇ ਚੁੱਕੇ ਸਵਾਲ
ਕਮੇਟੀ ਨੂੰ ਸਥਾਨਕ ਨਿਵਾਸੀਆਂ ਵੱਲੋਂ ਵੀ ਕਈ ਜਾਣਕਾਰੀਆਂ ਦਿੱਤੀਆਂ ਗਈਆਂ। ਇਲਾਕਾ ਵਾਸੀ ਵਿਜੇ ਕੁਮਾਰ ਨੇ ਦੱਸਿਆ ਕਿ ਪਹਿਲਾਂ ਉਥੇ ਕਰੀਬ 200 ਹਰੇ ਰੁੱਖ ਮੌਜੂਦ ਸਨ। ਲੋਕਾਂ ਨੇ ਸਿੱਧੇ ਤੌਰ ’ਤੇ ਬਰਨਾਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਹੋਰ ਅਧਿਕਾਰੀਆਂ ਨੂੰ ਇਸ ਕਾਰਵਾਈ ਲਈ ਜ਼ਿੰਮੇਵਾਰ ਠਹਿਰਾਇਆ ਹੈ। ਸ਼ਿਕਾਇਤਕਰਤਾ ਵੱਲੋਂ ਕਮੇਟੀ ਨੂੰ ਵੀਡੀਓ ਅਤੇ ਤਸਵੀਰਾਂ ਵੀ ਸੌਂਪੀਆਂ ਗਈਆਂ ਹਨ।
ਐਫਆਈਆਰ ਅਤੇ ਮੁਆਵਜ਼ੇ ਦੀ ਸਿਫ਼ਾਰਸ਼
ਸਾਂਝੀ ਕਮੇਟੀ ਨੇ ਐਨਜੀਟੀ ਨੂੰ ਸਿਫ਼ਾਰਸ਼ ਕੀਤੀ ਹੈ ਕਿ ਬਰਨਾਲਾ ਦੇ ਐਸਐਸਪੀ ਨੂੰ ਨਿਰਦੇਸ਼ ਜਾਰੀ ਕਰਕੇ ਸੰਬੰਧਤ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਨਾਲ ਹੀ ਪੰਜਾਬ ਸਿਵਲ ਸੇਵਾ ਨਿਯਮਾਂ ਤਹਿਤ ਵਿਭਾਗੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਗਈ ਹੈ। ਵਣ ਵਿਭਾਗ ਨੇ ਪੁੱਟੇ ਗਏ 55 ਰੁੱਖਾਂ ਦਾ ਮੁੱਲ ਕਰੀਬ 1.31 ਲੱਖ ਰੁਪਏ ਅੰਕਿਆ ਹੈ ਅਤੇ ਇਹ ਰਕਮ ਜ਼ਿੰਮੇਵਾਰ ਲੋਕਾਂ ਤੋਂ ਵਸੂਲਣ ਦੀ ਸਿਫ਼ਾਰਸ਼ ਕੀਤੀ ਹੈ।
ਹਰ ਕੱਟੇ ਰੁੱਖ ਦੇ ਬਦਲੇ ਪੰਜ ਪੌਦੇ ਲਗਾਉਣ ਦਾ ਸੁਝਾਅ
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਰੁੱਖ ਕੱਟੇ ਗਏ ਹਨ, ਉਥੇ ਹਰ ਇੱਕ ਰੁੱਖ ਦੇ ਬਦਲੇ ਘੱਟੋ-ਘੱਟ ਪੰਜ ਨਵੇਂ ਪੌਦੇ ਲਗਾਏ ਜਾਣ ਅਤੇ ਉਨ੍ਹਾਂ ਦੀ ਪੰਜ ਸਾਲ ਤੱਕ ਦੇਖਭਾਲ ਯਕੀਨੀ ਬਣਾਈ ਜਾਵੇ, ਤਾਂ ਜੋ ਵਾਤਾਵਰਣ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।

