ਕੈਨੇਡਾ :- ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਇਕ ਸਿੱਖ ਨੌਜਵਾਨ ਨਾਲ ਪੁਲਿਸ ਭਰਤੀ ਪ੍ਰਕਿਰਿਆ ਦੌਰਾਨ ਧਾਰਮਿਕ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਜਸਪਾਲ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਉਸ ਨੂੰ ਪੁਲਿਸ ਭਰਤੀ ਪ੍ਰੀਖਿਆ ਕੇਂਦਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਆਪਣੀ ਕ੍ਰਿਪਾਨ ਉਤਾਰਨ ਲਈ ਕਿਹਾ ਗਿਆ। ਜਦੋਂ ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਪ੍ਰੀਖਿਆ ਹਾਲ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
‘ਕ੍ਰਿਪਾਨ ਸਿੱਖੀ ਦਾ ਅਟੁੱਟ ਹਿੱਸਾ’
ਜਸਪਾਲ ਸਿੰਘ ਗਿੱਲ ਨੇ ਕਿਹਾ ਕਿ ਕ੍ਰਿਪਾਨ ਸਿੱਖ ਧਰਮ ਵਿੱਚ ਆਸਥਾ ਅਤੇ ਪਹਿਚਾਣ ਦਾ ਪ੍ਰਤੀਕ ਹੈ, ਜਿਸ ਨੂੰ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਤੋਂ ਵੱਖ ਨਹੀਂ ਕਰ ਸਕਦਾ। ਉਸ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਸਾਫ਼ ਤੌਰ ’ਤੇ ਕਿਹਾ ਗਿਆ ਕਿ ਜੇਕਰ ਉਹ ਕ੍ਰਿਪਾਨ ਨਹੀਂ ਉਤਾਰਦਾ ਤਾਂ ਉਸ ਨੂੰ ਪ੍ਰੀਖਿਆ ਦੇਣ ਦੀ ਆਗਿਆ ਨਹੀਂ ਮਿਲੇਗੀ। ਇਸ ਤੋਂ ਬਾਅਦ ਉਸ ਨੂੰ ਕੇਂਦਰ ਤੋਂ ਬਾਹਰ ਜਾਣ ਲਈ ਕਿਹਾ ਗਿਆ।
ਪਿਛਲੇ ਸਾਲ ਕੈਨੇਡਾ ਗਿਆ ਸੀ ਜਸਪਾਲ
ਜਸਪਾਲ ਗਿੱਲ ਮੁਤਾਬਕ ਉਹ 2024 ਵਿੱਚ ਕੈਨੇਡਾ ਦਾ ਸਥਾਈ ਨਿਵਾਸੀ ਬਣਿਆ ਅਤੇ ਪਿਛਲੀਆਂ ਗਰਮੀਆਂ ਦੌਰਾਨ ਵਿਨੀਪੈਗ ਵਿੱਚ ਆ ਕੇ ਵਸਿਆ ਸੀ। ਉਸ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਪੁਲਿਸ ਸੇਵਾ ਵਿੱਚ ਭਰਤੀ ਹੋਣ ਲਈ ਤਿਆਰੀ ਕਰ ਰਿਹਾ ਸੀ ਅਤੇ ਅਪ੍ਰੈਲ ਦੇ ਅੰਤ ਵਿੱਚ ਉਸ ਨੂੰ ਵਿਨੀਪੈਗ ਪੁਲਿਸ ਸੇਵਾ ਦੀ ਭਰਤੀ ਪ੍ਰੀਖਿਆ ਲਈ ਬੁਲਾਇਆ ਗਿਆ ਸੀ।
ਵਿਨੀਪੈਗ ਪੁਲਿਸ ਨੇ ਦਿੱਤਾ ਆਪਣਾ ਪੱਖ
ਦੂਜੇ ਪਾਸੇ, ਵਿਨੀਪੈਗ ਪੁਲਿਸ ਸੇਵਾ ਨੇ ਕਿਹਾ ਹੈ ਕਿ ਉਹ ਹਰ ਧਰਮ ਅਤੇ ਭਾਈਚਾਰੇ ਦੇ ਉਮੀਦਵਾਰਾਂ ਦਾ ਸਵਾਗਤ ਕਰਦੀ ਹੈ। ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਤੋਂ ਪਹਿਲਾਂ ਸਿੱਖ ਉਮੀਦਵਾਰਾਂ ਲਈ ਕ੍ਰਿਪਾਨ ਨੂੰ ਅਸਥਾਈ ਤੌਰ ’ਤੇ ਸੁਰੱਖਿਅਤ ਰੱਖਣ ਦੇ ਪ੍ਰਬੰਧ ਕੀਤੇ ਜਾਂਦੇ ਰਹੇ ਹਨ। ਹਾਲਾਂਕਿ, ਜਸਪਾਲ ਗਿੱਲ ਦਾ ਕਹਿਣਾ ਹੈ ਕਿ ਉਸ ਲਈ ਕ੍ਰਿਪਾਨ ਨੂੰ ਆਪਣੇ ਤੋਂ ਵੱਖ ਕਰਨਾ ਧਾਰਮਿਕ ਮਰਿਆਦਾ ਦੇ ਉਲਟ ਸੀ।
ਸਿੱਖ ਭਾਈਚਾਰੇ ਵਿੱਚ ਰੋਸ
ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਕਈ ਲੋਕਾਂ ਨੇ ਇਸਨੂੰ ਧਾਰਮਿਕ ਅਜ਼ਾਦੀ ਨਾਲ ਜੁੜਿਆ ਗੰਭੀਰ ਮਾਮਲਾ ਕਰਾਰ ਦਿੰਦਿਆਂ ਕੈਨੇਡੀਅਨ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ ਹੈ। ਉੱਥੇ ਹੀ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਵੀ ਇਸ ਮਾਮਲੇ ’ਤੇ ਨਜ਼ਰ ਬਣਾਈ ਹੋਈਆਂ ਹਨ।

